ਭਗਵੰਤ ਮਾਨ ਨੇ ਸ਼ਹੀਦੀ ਦਿਵਸ ਮੌਕੇ ਜਾਰੀ ਕੀਤਾ ਸੀ ਹੈਲਪਲਾਈਨ ਨੰਬਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਹੋਣ ਤੋਂ ਬਾਅਦ 20 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਮੁੱਖ ਮੰਤਰੀ ਦਫਤਰ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਹੈਲਪਲਾਈਨ ਨੰਬਰ ਬਾਰੇ ਲੋਕਾਂ ਨੂੰ ਅਜੇ ਤੱਕ ਪੂਰੀ ਜਾਣਕਾਰੀ ਨਹੀਂ ਹੈ। ਜ਼ਿਆਦਾਤਰ ਸ਼ਿਕਾਇਤਾਂ ਦੇ ਨਾਲ ਵੀਡੀਓ ਜਾਂ ਆਡੀਓ ਨਹੀਂ ਭੇਜਿਆ ਗਿਆ ਅਤੇ ਕਈ ਸ਼ਿਕਾਇਤਾਂ ਰਿਪੀਟ ਵੀ ਕੀਤੀਆਂ ਗਈਆਂ ਹਨ। ਇਹ ਵੀ ਦੱਸਿਆ ਗਿਆ ਕਿ ਜਿੰਨੀਆਂ ਵੀ ਭਿ੍ਰਸ਼ਟਾਚਾਰ ਵਿਰੋਧੀ ਸ਼ਿਕਾਇਤਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਕੀਤੇ ਗਏ ਨੰਬਰ ’ਤੇ ਮਿਲੀਆਂ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਸਰਕਾਰੀ ਅਫਸਰਾਂ ਦੇ ਖਿਲਾਫ ਹਨ। ਮੁੱਖ ਮੰਤਰੀ ਦਫਤਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿ੍ਰਸ਼ਟਾਚਾਰ ਵਿਰੋਧੀ ਸ਼ਿਕਾਇਤ ਨਾਲ ਵੀਡੀਓ ਜਾਂ ਆਡੀਓ ਜ਼ਰੂਰ ਭੇਜਣ ਤਾਂ ਜੋ ਇਨ੍ਹਾਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਹੋ ਸਕੇ। ਜ਼ਿਕਰਯੋਗ ਹੈ ਕਿ ਇਸ ਵਾਸਤੇ ਵਿਜੀਲੈਂਸ ਬਿਊਰੋ ਦੀ ਅਗਵਾਈ ’ਚ ਤਿੰਨ ਮੈਂਬਰੀ ਵਿਸ਼ੇਸ਼ ਟੀਮ ਬਣਾਈ ਗਈ ਹੈ, ਇਸ ਟੀਮ ਵਿਚ ਏਆਈਜੀ ਵਿਕਾਸ ਸਭਰਵਾਲ, ਪੀਪੀਐਸ ਅਫਸਰ ਅੰਗਰੇਜ਼ ਸਿੰਘ ਅਤੇ ਰੁਪਿੰਦਰਦੀਪ ਕੌਰ ਸ਼ਾਮਲ ਹਨ। ਧਿਆਨ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਦਿਵਸ ਮੌਕੇ ਖਟਕੜ ਕਲਾਂ ਵਿਖੇ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ ਸੀ।