Breaking News
Home / ਭਾਰਤ / ‘ਮਨ ਕੀ ਬਾਤ’ ਮੇਰੇ ਲਈ ਇਕ ਅਧਿਆਤਮਿਕ ਯਾਤਰਾ ਤੇ ਲੋਕਾਂ ਨਾਲ ਜੁੜਨ ਦਾ ਜ਼ਰੀਆ : ਨਰਿੰਦਰ ਮੋਦੀ

‘ਮਨ ਕੀ ਬਾਤ’ ਮੇਰੇ ਲਈ ਇਕ ਅਧਿਆਤਮਿਕ ਯਾਤਰਾ ਤੇ ਲੋਕਾਂ ਨਾਲ ਜੁੜਨ ਦਾ ਜ਼ਰੀਆ : ਨਰਿੰਦਰ ਮੋਦੀ

100ਵੇਂ ਐਪੀਸੋਡ ਰਾਹੀਂ ਜਨਤਾ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਰਾਹੀਂ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਲੋਕਾਂ ਨਾਲ ਜੁੜਨ ਦਾ ਜ਼ਰੀਆ ਮੁਹੱਈਆ ਕਰਵਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ (ਮੋਦੀ) ਲਈ ਇਹ ਇਕ ਪ੍ਰੋਗਰਾਮ ਨਹੀਂ ਸਗੋਂ, ਇਕ ਅਧਿਆਤਮਿਕ ਯਾਤਰਾ ਹੈ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਜਨਤਾ ਨਾਲ ਟੁੱਟ ਜਾਣ ਦੀ ਚੁਣੌਤੀ ਪੈਦਾ ਹੋ ਗਈ ਸੀ। ਪਰ ‘ਮਨ ਕੀ ਬਾਤ’ ਪ੍ਰੋਗਰਾਮ ਨੇ ਇਸ ਦਾ ਸਮਾਧਾਨ ਦਿੱਤਾ ਅਤੇ ਆਮ ਲੋਕਾਂ ਨਾਲ ਜੁੜਨ ਦਾ ਰਾਹ ਪੱਧਰਾ ਕਰ ਦਿੱਤਾ। 100ਵੇਂ ਐਪੀਸੋਡ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਰਾਹੀਂ ਕਿਹਾ ਕਿ ‘ਮਨ ਕੀ ਬਾਤ’ ਪ੍ਰੋਗਰਾਮ ਉਨ੍ਹਾਂ ਦੇ ਲਈ ‘ਇਕ ਵਿਸ਼ੇਸ਼ ਯਾਤਰਾ’ ਰਹੀ ਹੈ।
ਉਨ੍ਹਾਂ ਕਿਹਾ ਕਿ ਚਾਹੇ ਉਹ ਸਵੱਛ ਭਾਰਤ ਹੋਵੇ, ਖਾਦੀ ਹੋਵੇ ਜਾਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਹੋਵੇ, ‘ਮਨ ਕੀ ਬਾਤ’ ਵਿਚ ਚੁੱਕੇ ਗਏ ਮੁੱਦੇ ਜਨ ਅੰਦੋਲਨ ਬਣ ਗਏ। ਮੋਦੀ ਨੇ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਤੋਂ ਕੀਤੀ ਸੀ।
‘ਸੈਲਫੀ ਵਿਦ ਡਾਟਰ’ ਮੁਹਿੰਮ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ, ਜਿਸ ਦਾ ਜ਼ਿਕਰ ‘ਮਨ ਕੀ ਬਾਤ’ ਵਿਚ ਕੀਤਾ ਗਿਆ ਅਤੇ ਛੇਤੀ ਹੀ ਇਹ ਮੁਹਿੰਮ ਵਿਸ਼ਵ ਪੱਧਰੀ ਬਣ ਗਈ। ਮੋਦੀ ਨੇ ਦੱਸਿਆ ਕਿ 3 ਅਕਤੂਬਰ 2014 ਨੂੰ ‘ਮਨ ਕੀ ਬਾਤ’ ਦਾ ਸਫ਼ਰ ਸ਼ੁਰੂ ਕੀਤਾ ਅਤੇ ਦੇਸ਼ ਦੇ ਕੋਨੋ-ਕੋਨੇ ਤੋਂ ਹਰ ਉਮਰ ਵਰਗ ਦੇ ਲੋਕ ਇਸ ਸਫ਼ਰ ਵਿਚ ਸ਼ਾਮਿਲ ਹੋਏ।
ਉਨ੍ਹਾਂ ਕਿਹਾ ਕਿ ਜਦੋਂ ਮੈਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ‘ਮਨ ਕੀ ਬਾਤ’ ਸਾਂਝੀ ਕੀਤੀ ਤਾਂ ਦੁਨੀਆਂ ਭਰ ਵਿਚ ਇਸ ਦੀ ਚਰਚਾ ਹੋਈ।
ਉਨ੍ਹਾਂ ਕਿਹਾ ਕਿ ‘ਮਨ ਕੀ ਬਾਤ’ ਮੇਰੇ ਲਈ ਦੂਜਿਆਂ ਦੇ ਗੁਣਾਂ ਦੀ ਪੂਜਾ ਕਰਨ ਵਰਗੀ ਰਹੀ ਹੈ ਅਤੇ ‘ਮਨ ਕੀ ਬਾਤ’ ਤੋਂ ਵੋਕਲ ਫਾਰ ਲੋਕਲ ਨੂੰ ਕਾਫੀ ਮਜ਼ਬੂਤੀ ਮਿਲੀ ਹੈ। 100ਵੇਂ ਐਪੀਸੋਡ ਵਿਚ ਮੋਦੀ ਨੇ ਮੀਡੀਆ, ਖਾਸ ਕਰਕੇ ਦੇਸ਼ ਭਰ ਦੇ ਨਿਊਜ਼ ਚੈਨਲਾਂ ਦਾ ਵੀ ਧੰਨਵਾਦ ਕੀਤਾ।
ਯੂ.ਐਨ. ਹੈੱਡਕੁਆਰਟਰ ਤੋਂ ਹੋਇਆ ਸਿੱਧਾ ਪ੍ਰਸਾਰਨ
ਨਿਊਯਾਰਕ : ਇਕ ਇਤਿਹਾਸਕ ਪਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 100ਵੀਂ ਕੜੀ ਦਾ ਐਤਵਾਰ ਤੜਕੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸਦੇ ਨਾਲ ਨਿਊਯਾਰਕ ਤੇ ਨਿਊਜਰਸੀ ਨੇ ਪ੍ਰਧਾਨ ਮੰਤਰੀ ਮੋਦੀ ਦੀ ‘ਮਨ ਕੀ ਬਾਤ’ ਦੀ 100ਵੀਂ ਕੜੀ ਦੇ ਸਨਮਾਨ ‘ਚ ਵਿਸ਼ੇਸ਼ ਮਤਾ ਜਾਰੀ ਕੀਤਾ ਹੈ।

 

Check Also

ਪ੍ਰਧਾਨ ਮੰਤਰੀ ਦੇ ਭਾਸ਼ਣ ’ਤੇ ਰਾਜ ਸਭਾ ’ਚੋਂ ਵਿਰੋਧੀ ਧਿਰ ਨੇ ਕੀਤਾ ਵਾਕਆਊਟ

ਪੀਐਮ ਮੋਦੀ ਬੋਲੇ : ਝੂਠ ਫੈਲਾਉਣ ਵਾਲੇ ਅੱਜ ਸੱਚ ਨਹੀਂ ਸੁਣ ਸਕੇ ਨਵੀਂ ਦਿੱਲੀ/ਬਿਊਰੋ ਨਿਊਜ਼ …