ਵਾਤਾਵਰਨ ਤੇ ਮਿੱਟੀ ਦੀ ਗੁਣਵੱਤਾ ਲਈ ਕੁਦਰਤੀ ਖੇਤੀ ਅਹਿਮ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਦਰਤੀ ਖੇਤੀ ਅਪਣਾਉਣ ਬਾਰੇ ਲੋਕ ਮੁਹਿੰਮ ਆਉਣ ਵਾਲੇ ਸਾਲਾਂ ਵਿਚ ਕਾਫ਼ੀ ਸਫ਼ਲ ਰਹੇਗੀ ਤੇ ਜਿੰਨੀ ਜਲਦੀ ਕਿਸਾਨ ਇਸ ਬਦਲਾਅ ਨਾਲ ਜੁੜਨਗੇ, ਉਨ੍ਹਾਂ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੂਰਤ ਵਿਚ ਕੁਦਰਤੀ ਖੇਤੀ ਬਾਰੇ ਕਰਵਾਏ ਇਕ ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਖੇਤੀ ਅਪਣਾਉਣਾ ਧਰਤੀ ਮਾਂ ਦੀ ਸੇਵਾ ਕਰਨ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਭਾਰਤ ਮੁਹਿੰਮ ਦੀ ਜ਼ਬਰਦਸਤ ਸਫਲਤਾ ਉਨ੍ਹਾਂ ਲੋਕਾਂ ਨੂੰ ਦੇਸ਼ ਵੱਲੋਂ ਜਵਾਬ ਹੈ ਜੋ ਕਹਿੰਦੇ ਸਨ ਕਿ ਪਿੰਡਾਂ ਵਿਚ ਬਦਲਾਅ ਲਿਆਉਣਾ ਸੌਖਾ ਨਹੀਂ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਕੁਦਰਤੀ ਖੇਤੀ ਅਪਣਾਉਣ ਨਾਲ ਮਿੱਟੀ ਦੀ ਗੁਣਵੱਤਾ ਵੀ ਸੁਧਰੇਗੀ। ਮੋਦੀ ਨੇ ਕਿਹਾ ਕਿ ਜਦ ਅਸੀਂ ਕੁਦਰਤੀ ਢੰਗ ਨਾਲ ਖੇਤੀ ਕਰਦੇ ਹਾਂ ਤਾਂ ਅਸੀਂ ਕੁਦਰਤ ਤੇ ਵਾਤਾਵਰਨ ਦੀ ਸੇਵਾ ਕਰ ਰਹੇ ਹੁੰਦੇ ਹਾਂ। ਮੋਦੀ ਨੇ ਇਸ ਖੇਤਰ ਵਿਚ ਸੂਰਤ ਦੇ ਕਿਸਾਨਾਂ ਵੱਲੋਂ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਦਰਤੀ ਖੇਤੀ ਭਾਰਤ ਨੂੰ ਇਸ ਖੇਤਰ ਵਿਚ ਦੁਨੀਆ ਦੀ ਅਗਵਾਈ ਕਰਨ ਦਾ ਮੌਕਾ ਦੇ ਰਹੀ ਹੈ। ਭਾਰਤ ਟਿਕਾਊ ਵਿਕਾਸ ਤੇ ਸ਼ੁੱਧ ਖਾਧ ਪਦਾਰਥਾਂ ਦੇ ਮਾਮਲੇ ਵਿਚ ਦੁਨੀਆ ਨੂੰ ਰਾਹ ਦਿਖਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਸ ਖੇਤਰ ਵਿਚ ਹਜ਼ਾਰਾਂ ਸਾਲਾਂ ਦਾ ਤਜਰਬਾ ਹੈ ਤੇ ਗਿਆਨ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਆਰਥਿਕ ਸਫ਼ਲਤਾ ਦੀ ਵੀ ਨੀਂਹ ਹੈ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …