Breaking News
Home / ਭਾਰਤ / ਭਾਰਤ ‘ਚ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ 15 ਜੁਲਾਈ ਤੋਂ ਮੁਫਤ ਲੱਗੇਗੀ ਕੋਵਿਡ ਦੀ ਬੂਸਟਰ ਡੋਜ਼

ਭਾਰਤ ‘ਚ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ 15 ਜੁਲਾਈ ਤੋਂ ਮੁਫਤ ਲੱਗੇਗੀ ਕੋਵਿਡ ਦੀ ਬੂਸਟਰ ਡੋਜ਼

75 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਹੋਵੇਗੀ ਸਮਰਪਿਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ 18 ਤੋਂ 59 ਸਾਲ ਉਮਰ ਵਰਗ ਦੇ ਵਿਅਕਤੀਆਂ ਨੂੰ 15 ਜੁਲਾਈ ਤੋਂ ਕੋਵਿਡ ਵੈਕਸੀਨ ਦੀ ਇਹਤਿਆਤੀ/ਬੂਸਟਰ ਖੁਰਾਕ ਬਿਲਕੁਲ ਮੁਫਤ ਲੱਗੇਗੀ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸਰਕਾਰ ਦੀ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਕੋਵਿਡ ਦੀ ਬੂਸਟਰ ਖੁਰਾਕਾਂ ਲਵਾਉਣ ਦੇ ਅਮਲ ਨੂੰ ਹੁਲਾਰਾ ਦੇਣਾ ਹੈ। 15 ਜੁਲਾਈ ਤੋਂ ਸ਼ੁਰੂ ਹੋਣ ਵਾਲੀ 75 ਦਿਨਾਂ ਦੀ ਇਹ ਵਿਸ਼ੇਸ਼ ਮੁਹਿੰਮ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਵਜੋਂ ਸਰਕਾਰ ਦੇ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਪ੍ਰੋਗਰਾਮ ਦਾ ਹਿੱਸਾ ਹੈ।
ਕਾਬਿਲੇਗੌਰ ਹੈ ਕਿ 18-59 ਸਾਲ ਉਮਰ ਵਰਗ ਦੀ 77 ਕਰੋੜ ਦੀ ਆਬਾਦੀ ਵਿੱਚੋਂ ਹੁਣ ਤੱਕ ਇਕ ਫੀਸਦ ਤੋਂ ਵੀ ਘੱਟ ਲੋਕਾਂ ਨੇ ਕੋਵਿਡ ਵੈਕਸੀਨ ਦੀ ਇਹਤਿਆਤੀ ਖੁਰਾਕ ਲਵਾਈ ਹੈ। ਅਧਿਕਾਰਤ ਸੂਤਰ ਨੇ ਕਿਹਾ ਕਿ 60 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੀ 16 ਕਰੋੜ ਦੀ ਯੋਗ ਆਬਾਦੀ ਅਤੇ ਸਿਹਤ ਸੰਭਾਲ ਤੇ ਮੂਹਰਲੀ ਕਤਾਰ ਦੇ ਕਾਮਿਆਂ ਵਿੱਚੋਂ ਕਰੀਬ 26 ਫੀਸਦ ਨੇ ਹੀ ਇਹਤਿਆਤੀ ਖੁਰਾਕ ਲਈ ਹੈ। ਅਧਿਕਾਰੀ ਨੇ ਕਿਹਾ, ”ਭਾਰਤੀ ਆਬਾਦੀ ਵਿੱਚੋਂ ਬਹੁਗਿਣਤੀ ਨੂੰ ਵੈਕਸੀਨ ਦੀ ਦੂਜੀ ਖੁਰਾਕ ਲਏ ਨੂੰ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।
ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਤੇ ਹੋਰਨਾਂ ਕੌਮਾਂਤਰੀ ਖੋਜ ਸੰਸਥਾਵਾਂ ਵੱਲੋਂ ਕੀਤੇ ਅਧਿਐਨ ਮੁਤਾਬਕ ਦੋਵਾਂ ਖੁਰਾਕਾਂ ਨਾਲ ਮੁੱਢਲਾ ਟੀਕਾਕਰਨ ਕਰਵਾਉਣ ਮਗਰੋਂ ਛੇ ਮਹੀਨਿਆਂ ਅੰਦਰ ਸਰੀਰ ਵਿੱਚ ਐਂਟੀਬਾਡੀ ਦਾ ਪੱਧਰ ਘੱਟ ਜਾਂਦਾ ਹੈ…ਬੂਸਟਰ ਖੁਰਾਕ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਹੁਲਾਰਾ ਮਿਲਦਾ ਹੈ।” ਅਧਿਕਾਰੀ ਨੇ ਕਿਹਾ, ”ਸਰਕਾਰ ਨੇ ਇਸ ਲਈ 75 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੌਰਾਨ 18 ਤੋਂ 59 ਸਾਲ ਉਮਰ ਵਰਗ ਦੇ ਵਿਅਕਤੀ ਵਿਸ਼ੇਸ਼ ਨੂੰ 15 ਜੁਲਾਈ ਤੋਂ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਇਹਤਿਆਤੀ ਖੁਰਾਕ ਮੁਫ਼ਤ ਲਾਈ ਜਾਵੇਗੀ।” ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਹਫ਼ਤੇ ਕੋਵਿਡ-19 ਦੀ ਦੂਜੀ ਤੇ ਇਹਤਿਆਤੀ ਖੁਰਾਕ ਲਵਾਉਣ ਵਿਚਲੇ ਫਰਕ ਨੂੰ ਨੌਂ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਸੀ।
ਕੋਵਿਡ ਕੇਸ ਵਧਣ ਕਰਕੇ ਮਨੀਪੁਰ ਦੇ ਸਕੂਲ 24 ਤੱਕ ਬੰਦ
ਇੰਫਾਲ : ਮਨੀਪੁਰ ਸਰਕਾਰ ਨੇ ਹਾਲ ਹੀ ਵਿੱਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ ਇਕਦਮ ਵਧਣ ਮਗਰੋਂ ਸਾਰੇ ਸਕੂਲ 24 ਜੁਲਾਈ ਤੱਕ ਬੰਦ ਕਰ ਦਿੱਤੇ ਹਨ। ਸਕੂਲ ਸਿੱਖਿਆ ਬਾਰੇ ਕਮਿਸ਼ਨਰ ਐੱਚ.ਗਿਆਨ ਪ੍ਰਕਾਸ਼ ਨੇ ਮੰਗਲਵਾਰ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਕਿ ਰਾਜ ਵਿੱਚ ਕਰੋਨਾ ਦੀ ਲਾਗ ਦੀ ਪਾਜ਼ੇਟਿਵਿਟੀ ਦਰ 15 ਫੀਸਦ ਤੋਂ ਵਧ ਸੀ। ਹੁਕਮਾਂ ਮੁਤਾਬਕ ਲੋਕ ਹਿੱਤ ਵਿੱਚ ਸਾਰੇ ਸਕੂਲ- ਸਰਕਾਰੀ, ਰਾਜ ਦੀ ਸਹਾਇਤਾ ਪ੍ਰਾਪਤ, ਹੋਰਨਾਂ ਬੋਰਡਾਂ ਨਾਲ ਜੁੜੇ ਨਿੱਜੀ ਸਕੂਲ 24 ਜੁਲਾਈ ਤੱਕ ਬੰਦ ਰਹਿਣਗੇ। ਰਾਜ ਦੇ ਕਈ ਸਕੂਲ ਗਰਮੀਆਂ ਦੀਆਂ ਛੁੱਟੀਆਂ ਮਗਰੋਂ 16 ਜੁਲਾਈ ਨੂੰ ਖੁੱਲ੍ਹਣੇ ਸਨ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …