ਕਿਹਾ : ਨਕਲ ਕਰਨਾ ਮੇਰਾ ਮੌਲਿਕ ਅਧਿਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਤਿ੍ਰਣਮੂਲ ਕਾਂਗਰਸ ਪਾਰਟੀ (ਟੀਐਮਸੀ) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਇਕ ਵਾਰ ਫਿਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੱਛਮੀ ਬੰਗਾਲ ’ਚ ਇਕ ਸਮਾਗਮ ਦੌਰਾਨ ਆਪਣੇ ਸੰਬੋਧਨ ’ਚ ਕਲਿਆਣ ਬੈਨਰਜੀ ਨੇ ਉਪ ਰਾਸ਼ਟਰਪਤੀ ਦਾ ਮੁੜ ਮਜ਼ਾਕ ਉਡਾਇਆ ਹੈ। ਬੈਨਰਜੀ ਨੇ ਕਿਹਾ ਕਿ ਉਹ ਅਜਿਹੀ ਨਕਲ ਕਰਦੇ ਰਹਿਣਗੇ ਅਤੇ ਇਹ ਇਕ ਕਲਾ ਹੈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਅਜਿਹਾ ਹਜ਼ਾਰ ਵਾਰ ਕਰਨਗੇ। ਕਲਿਆਣ ਬੈਨਰਜੀ ਨੇ ਕਿਹਾ ਕਿ ਮੇਰੇ ਕੋਲ ਆਪਣੇ ਵਿਚਾਰ ਪੇਸ਼ ਕਰਨ ਦੇ ਸਾਰੇ ਮੌਲਿਕ ਅਧਿਕਾਰ ਹਨ ਅਤੇ ਮੈਂ ਪਿੱਛੇ ਨਹੀਂ ਹਟਾਂਗਾ ਤੇ ਲੜਾਈ ਜਾਰੀ ਰੱਖਾਂਗਾ। ਇਸੇ ਦੌਰਾਨ ਉਪ ਰਾਸ਼ਟਰਪਤੀ ਨੇ ਵੀ ਆਪਣਾ ਦਰਦ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪੀੜਤ ਵਿਅਕਤੀ ਹੀ ਜਾਣਦਾ ਹੈ ਕਿ ਉਸ ਨੂੰ ਕੀ-ਕੀ ਸਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਦਿਸ਼ਾ ਵੱਲ ਵਧਦੇ ਰਹਿਣਾ ਹੈ, ਜੋ ਰਸਤਾ ਭਾਰਤ ਮਾਤਾ ਦੀ ਸੇਵਾ ਵੱਲ ਜਾਂਦਾ ਹੈ। ਉਪ ਰਾਸ਼ਟਰਪਤੀ ਜਗਦੀਪ ਧਨਖੜ ਹੋਰਾਂ ਕਿਹਾ ਕਿ ਮੈਂ ਇਕ ਸੰਵਿਧਾਨਕ ਅਹੁਦੇ ’ਤੇ ਹਾਂ, ਫਿਰ ਵੀ ਲੋਕ ਮੈਨੂੰ ਬਖਸ਼ਦੇ ਨਹੀਂ ਹਨ।