Breaking News
Home / ਭਾਰਤ / ਸਾਡਾ ਕੰਮ ਨਿਸ਼ਾਨਾ ਲਗਾਉਣਾ, ਲਾਸ਼ਾਂ ਗਿਣਨਾ ਨਹੀਂ : ਧਨੋਆ

ਸਾਡਾ ਕੰਮ ਨਿਸ਼ਾਨਾ ਲਗਾਉਣਾ, ਲਾਸ਼ਾਂ ਗਿਣਨਾ ਨਹੀਂ : ਧਨੋਆ

ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਦੱਸਣਾ ਸਰਕਾਰ ਦਾ ਕੰਮ
ਕੋਇੰਬਟੂਰ/ਬਿਊਰੋ ਨਿਊਜ਼ : ਬਾਲਾਕੋਟ ਹਵਾਈ ਹਮਲਿਆਂ ਵਿੱਚ ਮਾਰੇ ਗਏ ਜੈਸ਼ ਦਹਿਸ਼ਤਗਰਦਾਂ ਦੀ ਗਿਣਤੀ ਨੂੰ ਲੈ ਕੇ ਜਾਰੀ ਬਹਿਸ ਦਰਮਿਆਨ ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ.ਐਸ.ਧਨੋਆ ਨੇ ਕਿਹਾ ਕਿ ਸਾਡਾ ਕੰਮ ਮਾਰਨ ਦਾ ਹੈ, ਲਾਸ਼ਾਂ ਗਿਣਨ ਦਾ ਨਹੀਂ। ਉਨ੍ਹਾਂ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਤਫ਼ਸੀਲ ਮੁਹੱਈਆ ਕਰਵਾਉਣਾ ਸਰਕਾਰ ਦਾ ਕੰਮ ਹੈ। ਹਵਾਈ ਫੌਜ ਇਨ੍ਹਾਂ ਹਮਲਿਆਂ ਨੂੰ ਮਹਿਜ਼ ਨਿਸ਼ਾਨਾ ਫੁੰਡਣ ਜਾਂ ਫੁੰਡਣ ਵਿੱਚ ਨਾਕਾਮ ਰਹਿਣ ਦੀ ਨਜ਼ਰ ਨਾਲ ਵੇਖਦੀ ਹੈ। ਉਨ੍ਹਾਂ ਕਿਹਾ ਕਿ ਅਭਿਨੰਦਨ ਦੀ ਫਿੱਟਨੈਸ ਸਬੰਧੀ ਕੋਈ ਜੋਖ਼ਮ ਨਹੀਂ ਲਿਆ ਜਾ ਸਕਦਾ ਤੇ ਪੂਰੀ ਤਰ੍ਹਾਂ ਫ਼ਿੱਟ ਹੋਣ ਮਗਰੋਂ ਹੀ ਉਸਦੀ ਏਅਰ ਫੋਰਸ ਵਿਚ ਵਾਪਸੀ ਹੋਵੇਗੀ। ਹਵਾਈ ਫੌਜ ਮੁਖੀ ਨੇ ਕਿਹਾ ਕਿ ਬੰਗਲੌਰ ਵਿੱਚ ਏਅਰ ਸ਼ੋਅ ਦੀ ਰਿਹਰਸਲ ਦੌਰਾਨ ਅਤੇ ਪਿਛਲੇ ਹਫ਼ਤੇ ਕਸ਼ਮੀਰ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ।
ਹਵਾਈ ਹਮਲਿਆਂ ਤੋਂ ਇਕ ਹਫ਼ਤੇ ਮਗਰੋਂ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੁੰਦਿਆਂ ਧਨੋਆ ਨੇ ਕਿਹਾ, ‘ਅਸੀਂ ਜੰਗ ਵਿੱਚ ਮਾਰਦੇ ਹਾਂ, ਲਾਸ਼ਾਂ ਦੀ ਗਿਣਤੀ ਨਹੀਂ ਕਰਦੇ। ਅਸੀਂ ਫੁੰਡੇ ਗਏ ਜਾਂ ਫੁੰਡਣ ਤੋਂ ਰਹਿ ਗਏ ਨਿਸ਼ਾਨਿਆਂ ਦੀ ਹੀ ਗਿਣਤੀ ਕਰਦੇ ਹਾਂ।’ ਹਵਾਈ ਫੌਜ ਮੁਖੀ ਨੇ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਜੇਕਰ ਫ਼ਿੱਟ ਹੋਇਆ ਤਾਂ ਉਹ ਲੜਾਕੂ ਜਹਾਜ਼ ਜ਼ਰੂਰ ਉਡਾਵੇਗਾ। ਉਨ੍ਹਾਂ ਕਿਹਾ, ‘ਅਸੀਂ ਪਾਇਲਟ ਦੀ ਮੈਡੀਕਲ ਫਿਟਨੈੱਸ ਨਾਲ ਕੋਈ ਜੋਖ਼ਮ ਨਹੀਂ ਲੈ ਸਕਦੇ।’ ਬਾਲਾਕੋਟ ਹਮਲਿਆਂ ਦੀ ਗੱਲ ਕਰਦਿਆਂ ਧਨੋਆ ਨੇ ਕਿਹਾ ਕਿ ਹਵਾਈ ਫੌਜ ਇਸ ਵੇਲੇ ਇਹ ਦੱਸਣ ਦੀ ਹਾਲਤ ਵਿੱਚ ਨਹੀਂ ਹੈ ਕਿ ਜੈਸ਼ ਦੇ ਦਹਿਸ਼ਤੀ ਕੈਂਪ ‘ਤੇ ਹਮਲੇ ਮੌਕੇ ਅੰਦਰ ਕਿੰਨੇ ਲੋਕ ਮੌਜੂਦ ਸਨ। ਹਵਾਈ ਫੌਜ ਮੁਖੀ ਨੇ ਕਿਹਾ ਕਿ ਕਿਸੇ ਵੀ ਮਿਸ਼ਨ ਮਗਰੋਂ ਬੰਬ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤੇ ਜਾਣ ਮੌਕੇ ਸਿਰਫ਼ ਇਹੀ ਹਿਸਾਬ ਲਾਇਆ ਜਾਂਦਾ ਹੈ ਕਿ ਨਿਸ਼ਾਨਾ ਫੁੰਡਿਆ ਗਿਆ ਹੈ ਜਾਂ ਨਹੀਂ।
ਉਨ੍ਹਾਂ ਕਿਹਾ, ‘ਅਸੀਂ ਇਹ ਗਿਣਤੀ ਨਹੀਂ ਕਰ ਸਕਦੇ ਕਿ ਕਿੰਨੇ ਲੋਕ ਮਾਰੇ ਗਏ ਹਨ। ਇਹ ਇਸ ਗੱਲ ‘ਤੇ ਮੁਨੱਸਰ ਕਰਦਾ ਹੈ ਕਿ ਉਥੇ (ਕੈਂਪ ਵਿੱਚ) ਕਿੰਨੇ ਲੋਕ ਮੌਜੂਦ ਸਨ।’ ਉਂਜ ਧਨੋਆ ਨੇ ਸਾਫ਼ ਕਰ ਦਿੱਤਾ ਕਿ ਹਮਲੇ ਵਿੱਚ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਬਾਰੇ ਬਿਆਨ ਸਰਕਾਰ ਵੱਲੋਂ ਜਾਰੀ ਕੀਤਾ ਜਾਵੇਗਾ।
ਬਾਲਾਕੋਟ ਵਿੱਚ ਸੁੱਟੇ ਗਏ ਬੰਬ ਨਿਸ਼ਾਨੇ ਤੋਂ ਖੁੰਝਣ ਸਬੰਧੀ ਰਿਪੋਰਟਾਂ ਬਾਰੇ ਪੁੱਛੇ ਜਾਣ ‘ਤੇ ਧਨੋਆ ਨੇ ਕਿਹਾ, ‘ਸਾਡੀਆਂ ਰਿਪੋਰਟਾਂ ਤਾਂ ਕੁਝ ਹੋਰ ਕਹਾਣੀ ਬਿਆਨ ਕਰਦੀਆਂ ਹਨ।’ ਉਨ੍ਹਾਂ ਕਿਹਾ, ‘ਵਿਦੇਸ਼ ਸਕੱਤਰ ਨੇ ਜਿਵੇਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਨਿਸ਼ਾਨਾ ਫੁੰਡਿਆ ਗਿਆ ਹੈ, ਅਸੀਂ ਉਸ ‘ਤੇ ਕਾਇਮ ਹਾਂ ਅਤੇ ਜੇਕਰ ਨਿਸ਼ਾਨੇ ਨਾ ਫੁੰਡੇ ਜਾਂਦੇ ਤਾਂ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨ ਦੀ ਕੀ ਲੋੜ ਸੀ।’
ਪਾਕਿਸਤਾਨ ਵੱਲੋਂ ਪਿਛਲੇ ਹਫ਼ਤੇ ਭਾਰਤ ਖ਼ਿਲਾਫ਼ ਵਿਖਾਏ ਹਮਲਾਵਰ ਰੁਖ਼ ਦੌਰਾਨ ਐਫ਼16 ਲੜਾਕੂ ਜਹਾਜ਼ ਵਰਤੇ ਜਾਣ ਦੀ ਗੱਲ ਕਰਦਿਆਂ ਧਨੋਆ ਨੇ ਕਿਹਾ ਕਿ ਪਾਕਿਸਤਾਨ ਨੇ ਅਜਿਹਾ ਕਰਕੇ ਅਮਰੀਕਾ ਨਾਲ ਹੋਏ ਕਰਾਰ ਦੀ ਉਲੰਘਣਾ ਕੀਤੀ ਹੈ। ਭਾਰਤ ਕੋਲ ਅਮਰਾਮ ਮਿਜ਼ਾਈਲ ਦੇ ਟੁਕੜਿਆਂ ਦੇ ਰੂਪ ਵਿੱਚ ਇਸ ਬਾਬਤ ਸਬੂਤ ਮੌਜੂਦ ਹੈ। ਧਨੋਆ ਨੇ ਕਿਹਾ ਕਿ ਰਾਫ਼ਾਲ ਲੜਾਕੂ ਜਹਾਜ਼ ਸਤੰਬਰ ਤਕ ਭਾਰਤ ਦੀ ਫ਼ਹਿਰਿਸਤ ਵਿੱਚ ਸ਼ਾਮਲ ਹੋ ਜਾਣਗੇ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …