ਪ੍ਰਧਾਨ ਮੰਤਰੀ ਨੇ ਹਥਿਆਬੰਦ ਬਲਾਂ ਨੂੰ ਨਵੀਆਂ ਚੁਣੌਤੀਆਂ ਬਾਰੇ ਕੀਤਾ ਚੌਕਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਹਿੱਤਾਂ ਨੂੰ ਦੇਸ਼ ਦੇ ਅੰਦਰੋਂ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਜ਼ਰੂਰੀ ਹੈ। ਉਨ੍ਹਾਂ ਹਥਿਆਰਬੰਦ ਬਲਾਂ ਨੂੰ ਗੁੰਮਰਾਹਕੁਨ ਪ੍ਰਚਾਰ ਸਮੇਤ ਹੋਰ ਨਵੀਆਂ ਚੁਣੌਤੀਆਂ ਬਾਰੇ ਵੀ ਚੌਕਸ ਕੀਤਾ। ਇੱਥੇ ਜਲ ਸੈਨਾ ਵੱਲੋਂ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਨੂੰ ਨਾਲ ਲੈ ਕੇ ਤੁਰਨ ਦੀ ਪਹੁੰਚ ਦੀ ਪੈਰਵੀ ਕਰਦਿਆਂ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਦੇਸ਼ ਦੀ ਫੌਜੀ ਸਮਰੱਥਾ ਨੂੰ ਉਭਾਰਨ ਲਈ ਕੰਮ ਕਰਨਾ ਚਾਹੀਦਾ ਹੈ। ਰੱਖਿਆ ਖੇਤਰ ‘ਚ ਆਤਮ ਨਿਰਭਰਤਾ ਦੇ ਮਹੱਤਵ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫੌਜ ਲਈ ਲੋੜੀਂਦੇ ਛੋਟੇ ਸਾਜ਼ੋ-ਸਾਮਾਨ ਲਈ ਦਰਾਮਦ ‘ਤੇ ਨਿਰਭਰਤਾ ਨਾਲ ਕਈ ਗੰਭੀਰ ਕੂਟਨੀਤਕ ਚੁਣੌਤੀਆਂ ਹੋ ਸਕਦੀਆਂ ਹਨ।
ਪ੍ਰਧਾਨ ਮੰਤਰੀ ਨੇ ਫੌਜੀ ਬਲਾਂ ਨੂੰ ਨਵੀਆਂ ਚੁਣੌਤੀਆਂ ਬਾਰੇ ਚੌਕਸ ਕਰਦਿਆਂ ਕਿਹਾ ਕਿ ਪਹਿਲਾਂ ਸਿਰਫ਼ ਜ਼ਮੀਨ, ਸਮੁੰਦਰ ਤੇ ਆਸਮਾਨ ਤੱਕ ਹੀ ਰੱਖਿਆ ਦੀ ਕਲਪਨਾ ਕੀਤੀ ਜਾਂਦੀ ਸੀ ਪਰ ਹੁਣ ਇਸ ਦਾ ਦਾਇਰਾ ਪੁਲਾੜ, ਸਾਈਬਰ ਸਪੇਸ ਤੇ ਆਰਥਿਕ ਤੇ ਸਮਾਜਿਕ ਸਪੇਸ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਦੇ ਆਤਮ ਵਿਸ਼ਵਾਸ ਤੇ ਸਾਡੀ ਆਤਮ ਨਿਰਭਰਤਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਖਿਲਾਫ ਜੰਗ ਤੇਜ਼ ਕਰਨੀ ਹੈ।’
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਆਤਮ ਨਿਰਭਰਤਾ ਵੱਲ ਭਾਰਤ ਦੇ ਸਫਰ ਦਾ ਟੀਚਾ ਸਿਰਫ ਆਰਥਿਕ ਹੱਦਾਂ ਹੀ ਨਹੀਂ ਬਲਕਿ ਕੂਟਨੀਤਕ ਦਬਾਅ ‘ਤੇ ਵੀ ਜਿੱਤ ਹਾਸਲ ਕਰਨਾ ਹੈ ਤਾਂ ਜੋ ਦੇਸ਼ ਫ਼ੈਸਲਾਕੁਨ ਖੁਦਮੁਖਤਿਆਰੀ ਹਾਸਲ ਕਰਨ ਦੇ ਸਮਰੱਥ ਹੋ ਸਕੇ। ਉਨ੍ਹਾਂ ਕਿਹਾ, ‘ਕੁਝ ਦਹਾਕੇ ਪਹਿਲਾਂ ਆਜ਼ਾਦੀ ਦਾ ਮਤਲਬ ਵਿਦੇਸ਼ੀ ਸ਼ਾਸਕਾਂ ਤੇ ਬਸਤੀਵਾਦੀ ਰਾਜ ਤੋਂ ਆਜ਼ਾਦੀ ਹਾਸਲ ਕਰਨਾ ਸੀ। (ਹੁਣ) ਆਜ਼ਾਦੀ ਦਾ ਮਤਲਬ ਸਿਆਸੀ ਤਾਕਤ ਹਾਸਲ ਕਰਨਾ ਹੈ।’
ਰੱਖਿਆ ਮੰਤਰੀ ਨੇ ਇੱਥੇ ਜਲ ਸੈਨਾ ਦੇ ‘ਨੇਵਲ ਇਨੋਵੇਸ਼ਨ ਐਂਡ ਇੰਡਿਜਨਾਈਜ਼ੇਸ਼ਨ ਆਰਗੇਨਾਈਜ਼ੇਸਨ’ ਵੱਲੋਂ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਆਤਮ ਨਿਰਭਰਤਾ ਦਾ ਅਰਥ ਆਜ਼ਾਦੀ ਦੀ ਪਰਿਭਾਸ਼ਾ ਨਾਲ ਜੁੜ ਗਿਆ ਹੈ।’