ਡੀਐਸਪੀ ਸੁਰਿੰਦਰ ਸਿੰਘ ਦੀ ਹੋਈ ਮੌਤ ੲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮ੍ਰਿਤਕ ਸੁਰਿੰਦਰ ਸਿੰਘ ਨੂੰ ਦਿੱਤਾ ਸ਼ਹੀਦ ਦਾ ਦਰਜਾ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਮਾਈਨਿੰਗ ਰੋਕਣ ਗਏ ਡੀਐੱਸਪੀ ‘ਤੇ ਡੰਪਰ ਚਾੜ੍ਹ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਡੀਐੱਸਪੀ ਦੀ ਮੌਤ ਹੋ ਗਈ।ਮ੍ਰਿਤਕ ਡੀਐੱਸਪੀ ਦੀ ਪਛਾਣ ਸੁਰਿੰਦਰ ਸਿੰਘ ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਸ ਨੇ ਡੰਪਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਟਰੱਕ ਰੋਕਣ ਦੀ ਬਜਾਏ ਪੁਲਿਸ ਅਧਿਕਾਰੀ ਉਪਰ ਚਾੜ੍ਹ ਦਿੱਤਾ। ਪੁਲਿਸ ਅਧਿਕਾਰੀ ਦੀ ਮੌਤ ਤੋਂ ਕਈ ਘੰਟਿਆਂ ਮਗਰੋਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਤਲ ‘ਚ ਕਥਿਤ ਤੌਰ ‘ਤੇ ਸ਼ਾਮਲ ਇੱਕ ਵਿਅਕਤੀ ਨੂੰ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਤੌਰੂ ਦੇ ਡੀਐੱਸਪੀ ਸੁਰਿੰਦਰ ਸਿੰਘ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ। ਜਿਵੇਂ ਹੀ ਉਹ ਕਾਗ਼ਜਾਤ ਦੀ ਜਾਂਚ ਲਈ ਡੰਪਰ ਨੇੜੇ ਪੁੱਜੇ ਤਾਂ ਚਾਲਕ ਨੇ ਡੰਪਰ ਉਨ੍ਹਾਂ ‘ਤੇ ਚੜ੍ਹਾ ਦਿੱਤਾ। ਉਨ੍ਹਾਂ ਦੇ ਅੰਗ ਰੱਖਿਅਕ ਤੇ ਡਰਾਈਵਰ ਨੇ ਪਾਸੇ ਛਾਲ ਮਾਰ ਕੇ ਜਾਨ ਬਚਾਈ। ਡੀਐੱਸਪੀ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡੀਐੱਸਪੀ ਸੁਰਿੰਦਰ ਸਿੰਘ ਅਰਾਵਲੀ ਪਹਾੜੀਆਂ ‘ਚ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਟੌਰੂ ਨੇੜੇ ਪੰਚਗਾਓਂ ਇਲਾਕੇ ਵਿੱਚ ਛਾਪਾ ਮਾਰਨ ਲਈ ਗਏ ਸਨ, ਜਿਸ ਦੌਰਾਨ ਮੰਗਲਵਾਰ ਸਵੇਰੇ 11.50 ਵਜੇ ਉਨ੍ਹਾਂ ਇਸ ਟਰੱਕ ਨੂੰ ਕਾਬੂ ਕੀਤਾ।
ਹਰਿਆਣਾ ਦੇ ਡੀਜੀਪੀ ਪੀ ਕੇ ਅਗਰਵਾਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਦੱਸਿਆ ਕਿ ਇਸ ਮਾਮਲੇ ‘ਚ ਕਤਲ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਡੀਐੱਸਪੀ ਹਿਸਾਰ ਦੇ ਪਿੰਡ ਸਾਰੰਗਪੁਰ ਦਾ ਰਹਿਣ ਵਾਲਾ ਸੀ। ਡੀਐੱਸਪੀ ਸੁਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਪਸਰ ਗਿਆ ਹੈ। ਡੀਐੱਸਪੀ ਸੁਰਿੰਦਰ ਸਿੰਘ ਸਾਲ 1994 ਵਿੱਚ ਹਰਿਆਣਾ ਪੁਲਿਸ ‘ਚ ਬਤੌਰ ਏਐੱਸਆਈ ਭਰਤੀ ਹੋਏ ਸਨ ਜਿਨ੍ਹਾਂ ਨੇ ਤਿੰਨ ਮਹੀਨੇ ਬਾਅਦ 31 ਅਕਤੂਬਰ ਨੂੰ ਸੇਵਾਮੁਕਤ ਹੋਣਾ ਸੀ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੀਐੱਸਪੀ ਸੁਰਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਡੀਐੱਸਪੀ ਦੀ ਹੱਤਿਆ ਅਤੇ ਨੂਹ ‘ਚ ਚੱਲ ਰਹੇ ਮਾਈਨਿੰਗ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਖੱਟਰ ਨੇ ਐਲਾਨ ਕੀਤਾ ਕਿ ਮ੍ਰਿਤਕ ਡੀਐੱਸਪੀ ਸੁਰਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਅਤੇ ਪਰਿਵਾਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ।