ਕਿਹਾ : ਮਣੀਪੁਰ ’ਚ ਸ਼ਾਂਤੀ ਜਲਦ ਹੋਵੇਗੀ ਬਹਾਲ, ਜੁਡੀਸ਼ੀਅਲ ਕਮਿਸ਼ਨ ਤੇ ਸੀਬੀਈ ਕਰੇਗੀ ਮਣੀਪੁਰ ਹਿੰਸਾ ਦੀ ਜਾਂਚ
ਇੰਫਾਲ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਮਣੀਪੁਰ ਹਿੰਸਾ ਦਾ ਕਾਰਨ ਗਲਤਫਹਿਮੀ ਦੱਸਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਪ੍ਰਧਾਨਗੀ ’ਚ ਗਠਿਤ ਕਮਿਸ਼ਨ ਵੱਲੋਂ ਮਣੀਪੁਰ ਹਿੰਸਾ ਦੀ ਜਾਂਚ ਕੀਤੀ ਜਾਵੇਗੀ ਅਤੇ ਸੀਬੀਆਈ ਵੀ ਹਿੰਸਾ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰੇਗੀ ਅਤੇ ਭਲਕੇ ਸ਼ੁੱਕਰਵਾਰ ਤੋਂ ਜਾਂਚ ਲਈ ਸਰਚ ਅਪ੍ਰੇਸ਼ਨ ਦੀ ਸ਼ੁਰੂਆਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹਿੰਸਾ ’ਚ ਮਾਰੇ ਗਏ ਲੋਕਾਂ ਨੂੰ 5-5 ਲੱਖ ਰੁਪਏ ਮਣੀਪੁਰ ਸਰਕਾਰ ਵੱਲੋਂ ਦਿੱਤੇ ਜਾਣਗੇ ਜਦਕਿ 5-5 ਲੱਖ ਰੁਪਏ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਲੰਘੇ ਕੱਲ੍ਹ ਇੰਫਾਲ ’ਚ ਇਕ ਰਾਹਤ ਕੈਂਪ ਦਾ ਵੀ ਦੌਰਾ ਕੀਤਾ, ਜਿੱਥੇ ਮੈਤੇਈ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਮਣੀਪੁਰ ’ਚ ਜਲਦੀ ਹੀ ਸ਼ਾਂਤੀ ਬਹਾਲ ਹੋਵੇਗੀ ਅਤੇ ਲੋਕਾਂ ਦੀ ਘਰ ਵਾਪਸੀ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੋਲ ਹਥਿਆਰ ਹਨ ਉਹ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾ ਦੇਣ, ਭਲਕੇ ਸ਼ੁੱਕਰਵਾਰ ਤੋਂ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ ਅਤੇ ਜਿਨ੍ਹਾਂ ਵਿਅਕਤੀਆਂ ਕੋਲੋਂ ਹਥਿਆਰ ਬਰਾਮਦ ਹੋਣਗੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।