ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ 15 ਦਸੰਬਰ ਦਿਨ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਿਸ ਵਿੱਚ ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਭਾਸ਼ਣ ਅਤੇ ਕਵੀਸ਼ਰੀ ਵਿੱਚ ਭਾਗ ਲਿਆ। ਦਸੰਬਰ ਦੇ ਮਹੀਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸੰਸਾਰ ਦੇ ਇਤਿਹਾਸ ਵਿੱਚ ਬੇਜੋੜ ਹਨ ਅਤੇ ਇਹ ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀਆਂ ਹਨ। ਸਾਹਿਬਜ਼ਾਦਿਆਂ ਨੇ ਦਲੇਰੀ, ਨਿਰਭੈਤਾ, ਨਿਸ਼ਕਾਮਤਾ, ਸਵੈਮਾਨ ਅਤੇ ਸਿੱਖ ਧਰਮ ਦੇ ਆਦਰਸ਼ਾਂ ਲਈ ਕੁਰਬਾਨੀ ਦਿੱਤੀ। ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿੱਚ ਦ੍ਰਿੜ ਰਹਿੰਦੇ ਹੋਏ ਸਿੱਖ ਧਰਮ ਦੀਆਂ ਨੀਹਾਂ ਮਜ਼ਬੂਤ ਕੀਤੀਆਂ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸਿੱਖਾਂ ਅਤੇ ਵਿਸ਼ੇਸ਼ ਕਰਕੇ ਸਿੱਖ ਬੱਚਿਆਂ ਲਈ ਚਾਨਣ ਮੁਨਾਰਿਆਂ ਦਾ ਕੰਮ ਕਰਨਗੀਆਂ। ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਇਮਾਨਦਾਰੀ, ਸਖਤ ਮਿਹਨਤ, ਅਨੁਸਾਸ਼ਨ, ਆਪਣੇ ਆਦਰਸ਼ਾਂ ਤੇ ਕਾਇਮ ਰਹਿਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ।