Breaking News
Home / ਕੈਨੇਡਾ / ‘ਜੂਨੀਅਰ ਸ਼ੂਟਿੰਗ ਵੱਰਲਡ ਕੱਪ-2021’ ਦਾ ਜੇਤੂ ਰਾਜਪ੍ਰੀਤ ਫਿਰ ਬਣਿਆ 43ਵੀਂ ‘ਕੈਨੇਡੀਅਨ ਏਅਰ-ਗੰਨ ਗਰੈਂਡ ਪ੍ਰਿਕਸ ਚੈਂਪੀਅਨਸ਼ਿਪ-2025’ ਦਾ ਚੈਂਪੀਅਨ

‘ਜੂਨੀਅਰ ਸ਼ੂਟਿੰਗ ਵੱਰਲਡ ਕੱਪ-2021’ ਦਾ ਜੇਤੂ ਰਾਜਪ੍ਰੀਤ ਫਿਰ ਬਣਿਆ 43ਵੀਂ ‘ਕੈਨੇਡੀਅਨ ਏਅਰ-ਗੰਨ ਗਰੈਂਡ ਪ੍ਰਿਕਸ ਚੈਂਪੀਅਨਸ਼ਿਪ-2025’ ਦਾ ਚੈਂਪੀਅਨ

ਬਰੈਂਪਟਨ/ਡਾ. ਝੰਡ : ਖੇਡ ਜਗਤ ਵਿੱਚ ਆਮ ਕਰਕੇ ਅਤੇ ਪੰਜਾਬੀ ਕਮਿਊਨਿਟੀ ਵਿੱਚ ਖ਼ਾਸ ਤੌਰ ‘ਤੇ ਇਹ ਖ਼ਬਰ ਬੜੇ ਚਾਅ ਤੇ ਉਤਸ਼ਾਹ ਨਾਲ ਪੜ੍ਹੀ/ਸੁਣੀ ਜਾਏਗੀ ਕਿ ਕਮਿਊਨਿਟੀ ਦਾ ਹੋਣਹਾਰ ‘ਸ਼ੂਟਰ’ ਰਾਜਪ੍ਰੀਤ ਸਿੰਘ ਇੱਕ ਵਾਰ ਫਿਰ ’43ਵੀਂ ਕੈਨੇਡੀਅਨ ਏਅਰ-ਗੰਨ ਗਰੈਂਡ ਪ੍ਰਿਕਸ ਇੰਟਰਨੈਸ਼ਨਲ ਚੈਂਪੀਅਨਸ਼ਿਪ-2025′ ਦਾ ਚੈਂਪੀਅਨ ਬਣ ਗਿਆ ਹੈ। ਉਸਨੇ ਤੇ ਉਸਦੀ ਟੀਮ ਦੇ ਸਾਥੀਆਂ ਨੇ ਇਸ ਟੂਰਨਾਮੈਂਟ ਦੇ ਡਾਇਰੈੱਕਟਰ ਬਰੈੱਟ ਨੱਟਰਾਸ ਦੇ ਸ਼ੁਭ ਕਰ-ਕਮਲਾਂ ਹੱਥੋਂ ਆਪਣੇ ਗਲ਼ਾਂ ਵਿੱਚ ਸੋਨ-ਮੈਡਲ ਪੁਆ ਕੇ ਇਸ ਚੈਂਪੀਅਨਸ਼ਿੱਪ ਦੀਆਂ ਅਤੇ ਲੋਕਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਇਹ ਚੈਂਪੀਅਨਸ਼ਿਪ ਓਨਟਾਰੀਓ ਪ੍ਰੋਵਿੰਸ ਦੇ ਸ਼ਹਿਰ ਕੁੱਕਸਵਿਲ ਟਾਊਨ ਵਿਖੇ 9,10 ਤੇ 11 ਮਈ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕਰਵਾਈ ਗਈ ਅਤੇ ਇਸ ਵਿੱਚ ਕੈਨੇਡਾ ਤੋਂ ਇਲਾਵਾ ਕਈ ਹੋਰ ਦੇਸ਼ਾਂ ਤੋਂ ਲੱਗਭੱਗ 150 ਸ਼ੂਟਰਾਂ ਨੇ ਭਾਗ ਲਿਆ।
ਜ਼ਿਕਰਯੋਗ ਹੈ ਕਿ ‘ਸ਼ੂਟਿੰਗ ਫ਼ੈੱਡਰੇਸ਼ਨ ਆਫ਼ ਕੈਨੇਡਾ’ ਵੱਲੋਂ ਹਰ ਸਾਲ ਕਰਵਾਈ ਜਾਂਦੀ ਇਸ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਕੈਨੇਡਾ-ਭਰ ਅਤੇ ਹੋਰ ਦੇਸ਼ਾ ਤੋਂ ਵੀ ਸੈਂਕੜੇ ਸ਼ੂਟਰ ਭਾਗ ਲੈਂਦੇ ਹਨ ਅਤੇ ਇਸ ਵਿੱਚ ਨਿਸ਼ਾਨੇ ਸੇਧ ਕੇ ਆਪਣੀ ਕਿਸਮਤ ਅਜ਼ਮਾਉਂਦੇ ਹਨ। ਇਸ ਤੋਂ ਚਾਰ ਸਾਲ ਪਹਿਲਾਂ ਰਾਜਪ੍ਰੀਤ ਸਿੰਘ ਨੇ 2022 ਵਿੱਚ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਨਿੱਜੀ ਅਤੇ ਟੀਮ ਵਜੋਂ ਦੋ ਗੋਲਡ ਮੈਡਲ ਪ੍ਰਾਪਤ ਕੀਤੇ ਸਨ ਅਤੇ ਉਦੋਂ ਮੀਡੀਆ ਵਿੱਚ ਇਸ ਦੀ ਕਾਫ਼ੀ ਚਰਚਾ ਹੋਈ ਸੀ। ਫਿਰ ਰੋਜ਼ਗਾਰ ਦੀ ਭਾਲ਼ ਵਿੱਚ ਇਸ ‘ਅਣਮੁੱਲੇ ਸ਼ੂਟਰ’ ਨੂੰ ਓਨਟਾਰੀਓ ਸੂਬੇ ਨੂੰ ਛੱਡ ਕੇ ਨੋਵਾ ਸਕੋਸ਼ੀਆ ਜਾਣਾ ਪਿਆ ਜਿੱਥੇ ਸ਼ੂਟਿੰਗ ਦੀ ਪ੍ਰੈਕਟਿਸ ਲਈ ‘ਸ਼ੂਟਿੰਗ ਰੇਂਜ’ ਤੇ ਹੋਰ ਸੁਵਿਧਾਵਾਂ ਮੌਜੂਦ ਨਾ ਹੋਣ ਕਾਰਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪਰ ਰਾਜਪ੍ਰੀਤ ਸਿੰਘ ਨੇ ਹੌਸਲਾ ਨਹੀਂ ਹਾਰਿਆ ਅਤੇ ਉਸ ਨੇ ਸ਼ੂਟਿੰਗ ਲਈ ਅਤੀ ਲੋੜੀਂਦੇ ਨਿੱਜੀ ਸਾਜ਼ੋ-ਸਮਾਨ ਨਾਲ ਹੀ ਆਪਣੀ ਪ੍ਰੈਕਟਿਸ ਜਾਰੀ ਰੱਖੀ। ਉਹ ਲੋੜੀਂਦੀ ਪ੍ਰੈਕਟਿਸ ਨਾ ਹੋਣ ਦੇ ਬਾਵਜੂਦ ਵੀ 2023, 2024 ਤੇ 2025 ਵਿਚ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦਾ ਰਿਹਾ ਹੈ। ਇਹ ਬੜੀ ਖ਼ੁਸ਼ੀ ਅਤੇ ਉਤਸ਼ਾਹ ਵਾਲੀ ਗੱਲ ਹੈ ਕਿ ਉਹ ਆਪਣੀ ਟੀਮ ਦੇ ਨਾਲ ਇਸ ਸਾਲ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ‘ਇਨਡਿਵਿਜੂਅਲ’ ਅਤੇ ‘ਟੀਮ’ ਦੋਹਾਂ ਤਰ੍ਹਾਂ ਦੇ ਈਵੈਂਟਸ ਵਿੱਚ ਹੀ ਪਹਿਲੇ ਨੰਬਰ ‘ਤੇ ਆ ਕੇ ਇਸ ਚੈਂਪੀਅਨਸ਼ਿਪ ਦਾ ‘ਚੈਂਪੀਅਨ’ ਬਣਿਆ ਹੈ।
ਇਸਦੇ ਨਾਲ ਹੀ ਇਸ ਨੌਜੁਆਨ ਦੀ ਤ੍ਰਾਸਦੀ ਹੈ ਕਿ ਉਹ ਅਜੇ ਤੱਕ ਕੈਨੇਡਾ ਦਾ ਸਿਟੀਜ਼ਨ ਨਹੀਂ ਬਣ ਸਕਿਆ ਹੈ, ਭਾਵੇਂ ਕਿ ਇਸ ਦੇ ਲਈ ਲੋੜੀਂਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਫਿਰ ਵੀ ਇਹ ਕਾਫ਼ੀ ਲੰਮਾਂ ਸਮਾਂ ਲੈ ਰਹੀ ਹੈ। ਸਾਲ 2022 ਵਿੱਚ ਹੋਈ ਸ਼ੂਟਿੰਗ ਚੈਂਪੀਅਨਸ਼ਿਪ ਜਿਸ ਵਿੱਚ ਉਹ ਨਿੱਜੀ ਤੌਰ ‘ਤੇ ਅਤੇ ਆਪਣੀ ਟੀਮ ਵਿੱਚ ਸ਼ਾਮਲ ਹੋ ਕੇ ਚੈਂਪੀਅਨ ਬਣਿਆ ਸੀ, ਤੋਂ ਜਲਦੀ ਹੀ ਬਾਅਦ ਜੇਕਰ ਉਹ ਕੈਨੇਡਾ ਦਾ ਸਿਟੀਜ਼ਨ ਬਣ ਜਾਂਦਾ ਤਾਂ ਉਹ 2024 ਵਿੱਚ ਫ਼ਰਾਂਸ ਦੇ ਸ਼ਹਿਰ ਪੈਰਿਸ ਵਿੱਚ ਹੋਈਆਂ ਉਲਿੰਪਿਕਸ ਖੇਡਾਂ ਵਿੱਚ ਹਿੱਸਾ ਲੈ ਕੇ ਕੋਈ ਨਾ ਕੋਈ ਵਧੀਆ ਪੋਜ਼ੀਸ਼ਨ ਹਾਸਲ ਕਰ ਸਕਦਾ ਸੀ ਪਰ ਇਸ ਦੇ ਲਈ ਲੋੜੀਂਦੀ ਨਾਗਰਿਕਤਾ ਨਾ ਹੋਣ ਕਾਰਨ ਉਦੋਂ ਇਹ ਮੌਕਾ ਉਸ ਦੇ ਹੱਥੋਂ ਖੁੰਝ ਗਿਆ ਸੀ। ਹੁਣ ਵੀ ਜੇਕਰ ਉਹ ਜਲਦੀ ਹੀ ਇਸ ਦੇਸ਼ ਦਾ ਨਾਗਰਿਕ ਬਣ ਜਾਂਦਾ ਹੈ ਤਾਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ 14 ਤੋਂ 30 ਜੁਲਾਈ 2028 ਨੂੰ ਹੋਣ ਵਾਲੀਆਂ ਉਲਿੰਪਿਕਸ ਵਿੱਚ ਭਾਗ ਲੈ ਕੇ ਕੈਨੇਡਾ ਲਈ ਜ਼ਰੂਰ ਕੋਈ ਨਾ ਕੋਈ ਵਧਿਆ ‘ਮੱਲ’ ਮਾਰ ਸਕਦਾ ਹੈ ਅਤੇ ਪੰਜਾਬੀ ਕਮਿਊਨਿਟੀ ਤੇ ਕੈਨੇਡਾ ਦਾ ਨਾਂ ਰੌਸ਼ਨ ਕਰ ਸਕਦਾ ਹੈ। ਉਸ ਦੇ ਚਾਹੁਣ ਵਾਲਿਆਂ ਨੂੰ ਅਤੇ ਪੰਜਾਬੀ ਕਮਿਊਨਿਟੀ ਦੋਹਾਂ ਨੂੰ ਹੀ ਭਵਿੱਖ ਵਿੱਚ ਉਸ ਕੋਲੋਂ ਬਹੁਤ ਆਸਾਂ ਤੇ ਉਮੀਦਾਂ ਹਨ।
ਪ੍ਰਮਾਤਮਾ ਉਸ ਨੂੰ ਹਮੇਸ਼ਾ ‘ਚੜ੍ਹਦੀ-ਕਲਾ’ ਬਖ਼ਸ਼ੇ!

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ

ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …