ਬਰੈਂਪਟਨ ਵਾਰਡ 10 ‘ਚ ਮੁੰਡੇ ਤੇ ਕੁੜੀਆਂ ਦੀਆਂ 7 ਟੀਮਾਂ ਦੇ ਮੁਕਾਬਲੇ 5 ਜੂਨ ਨੂੰ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਪੀਲ ਡਿਸਟ੍ਰਿਕਟ ਸਕੂਲ ਬੋਰਡ ਵਲੋਂ ਪਹਿਲੀ ਵਾਰ ਕਬੱਡੀ ਮੇਲੇ ਦਾ ਅਯੋਜਨ ਕੀਤਾ ਜਾ ਰਿਹਾ ਹੈ ਜੋ ਕੈਨੇਡਾ ਵਿੱਚ ਪੰਜਾਬੀਆਂ ਅਤੇ ਪੰਜਾਬਣਾਂ ਦੀ ਚਹੇਤੀ ਖੇਡ ਦਾ ਆਪਣੀ ਕਿਸਮ ਦਾ ਪਹਿਲਾ ਵਿਸ਼ੇਸ਼ ਖੇਡ ਮੇਲਾ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀਲ ਬੋਰਡ ਦੇ ਡਿਪਟੀ ਚੇਅਰਮੈਨ ਅਤੇ ਬਰੈਂਪਟਨ ਤੋਂ ਲੋਕਾਂ ਦੇ ਚੁਣੇ ਹੋਏ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਪੀਲ ਰੀਜਨਲ ਕਬੱਡੀ ਮੇਲੇ ਵਿੱਚ ਕੈਸਲਬਰੁੱਕ, ਲੁਈਸ ਆਰਬਰ, ਸੰਦਲਵੁੱਡ ਹਾਈਟਸ, ਡੇਵਿਡ ਸਜ਼ੂਕੀ ਅਤੇ ਹੰਬਰਵਿਊ ਸੈਕੰਡਰੀ ਸਕੂਲਾਂ ਦੀਆਂ ਟੀਮਾਂ ਦੇ ਮੁਕਾਬਲੇ ਹੋਣਗੇ ਜਿਨ੍ਹਾਂ ਵਿੱਚ ਮੁੰਡਿਆਂ ਦੀਆਂ ਪੰਜ ਅਤੇ ਕੁੜੀਆਂ ਦੀਆਂ ਦੋ ਟੀਮਾਂ ਨੇ ਖੇਡਣਾ ਹੈ। ਕਬੱਡੀ ਮੇਲਾ ਬਰੈਂਟਪਨ ‘ਚ ਵਾਰਡ 10 ਵਿਖੇ ਸੰਦਲਵੁੱਡ ਹਾਈਟਸ ਸੈਕੰਡਰੀ ਸਕੂਲ ਵਿੱਚ 5 ਜੂਨ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ। ਜੌਹਲ ਨੇ ਕਿਹਾ ਕਿ ਬੋਰਡ ਵਲੋਂ ਬੀਤੇ ਮਹੀਨਿਆਂ ਤੋਂ ਕਬੱਡੀ ਸ਼ੁਰੂ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਸੀ ਅਤੇ ਕੱਬਡੀ ਪ੍ਰਤੀ ਸਕੂਲਾਂ ਦੇ ਬਹੁਤ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਡੂੰਘੀ ਦਿਲਚਸਪੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਕਬੱਡੀ ਦੇ ਨਾਲ਼ ਹੀ ਸਕੂਲਾਂ ਵਿੱਚ ਬੱਚਿਆਂ ਨੂੰ ਆਪਣੀ ਪੰਜਾਬੀ ਬੋਲੀ, ਭੰਗੜਾ, ਗਿੱਧਾ ਅਤੇ ਹੋਰ ਸੱਭਿਆਚਾਰਕ ਕਲਾਵਾਂ ਨਾਲ਼ ਜੋੜਨ ਦੇ ਪ੍ਰਬੰਧ ਕੀਤੇ ਗਏ ਹਨ। ਹੋਰ ਜਾਣਕਾਰੀ ਲਈ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨਾਲ ਈਮੇਲ [email protected] ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …