ਸਰੀ/ਬਿਊਰੋ ਨਿਊਜ਼ : ਪੰਜਾਬੀ ਦੇ ਉਘੇ ਨਾਵਲਕਾਰ ਤੇ ਜਾਣੇ ਪਛਾਣੇ ਸਾਹਿਤਕਾਰ ਜਰਨੈਲ ਸਿੰਘ ਸੇਖਾ ਨੂੰ ਯੁਨਿਵਰਸਿਟੀ ਆਫ ਬਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਾਹਿਤ ਤੇ ਬੋਲੀ ਵਿਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾਾ ਗਿਆ। ਯੂ ਬੀ ਸੀ ਦੇ ਏਸ਼ੀਅਨ ਸਟਡੀਜ਼ ਡਿਪਾਰਟਮੈਂਟ ਵਲੋਂ ਇਹ ਸਨਮਾਨ ਪੰਜਾਬੀ ਬੋਲੀ ਦੇ ਅੱਠਵੇਂ ਸਾਲਾਨਾ ਜਸ਼ਨ ਮਨਾਉਣ ਵੇਲੇ ਹਰਜੀਤ ਕੌਰ ਸਿਧੂ ਯਾਦਗਾਰੀ ਸਮਾਗਮ ਵਿਚ ਪ੍ਰਦਾਨ ਕੀਤਾ ਗਿਆ। ਸਨਮਾਨ ਵਿਚ 1000 ਡਾਲਰ ਤੇ ਸਨਮਾਨ ਪਤਰ ਸ਼ਾਮਲ ਸੀ।
ਪੰਜਾਬੀ ਸਾਹਿਤਕਾਰਾਂ, ਬੁਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਇਹ ਸਨਮਾਨ ਦਿਤਾ ਗਿਆ। ਇਸ ਮੌਕੇ ਬੋਲਦਿਆਂ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਉਹ ਮੋਗੇ ਨੇੜੇ ਪਛੜੇ ਇਲਾਕੇ ਦੇ ਛੋਟੇ ਜਿਹੇ ਪਿੰਡ ਸੇਖਾ ਵਿਚ ਪੈਦਾ ਹੋਏ ਤੇ ਸਾਰੀ ਉਮਰ ਸੰਘਰਸ਼ ਭਰਿਆ ਜੀਵਨ ਬਿਤਾਇਆ ਤੇ ਉਹਨਾਂ ਦੀ ਸਾਰੀ ਰਚਨਾ ਇਸ ਸੰਘਰਸ਼ ਦਾ ਹੀ ਸਦਕਾ ਹੈ। ਉਹਨਾਂ ਹਰਜੀਤ ਕੌਰ ਸਿਧੂ ਦੇ ਪਰਿਵਾਰ ਦੀ ਵੀ ਸ਼ਲਾਘਾ ਕੀਤੀ ਜਿਹਨਾਂ ਪੰਜਾਬੀ ਬੋਲੀ ਦੇ ਪਸਾਰ ਤੇ ਵਾਧੇ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ।ਵਰਨਣ ਯੋਗ ਹੈ ਕਿ ਜਰਨੈਲ ਸਿੰਘ ਸੇਖਾ ਨੂੰ ਇਸ ਤੋਂ ਪਹਿਲਾਂ ਵੀ ਸਾਹਿਤਕ ਖੇਤਰ ਵਿਚ ਅਨੇਕਾਂ ਮਾਨ ਸਨਮਾਨ ਮਿਲ ਚੁਕੇ ਹਨ ਜਿਹਨਾਂ ਵਿਚ ਬਾਵਾ ਬਲਵੰਤ ਸਾਹਿਤ ਟਰਸਟ ਢੁਡੀਕੇ ਵਲੋਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ, ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਤੇ ਰਾਈਟਰਜ਼ ਇੰਟਰਨੈਸ਼ਨਲ ਨੈਟਵਰਕ ਵਲੋਂ ਲਾਈਫ ਟਾੲਮਿ ਅਚੀਵਮੈਂਟ ਸਨਮਾਨ ਸ਼ਾਮਲ ਹਨ। ਉਹਨਾਂ ਸਾਹਿਤ ਦੀਆਂ ਵਖ ਵਖ ਵਿਧਾਵਾਂ, ਜਿਵੇਂ ਕਹਾਣੀ, ਕਵਿਤਾ, ਨਾਵਲ ਤੇ ਸਫਰਨਾਮੇ ਵਿਚ ਰਚਨਾਤਮਕ ਯੋਗਦਾਨ ਪਾਇਆ। ਉਹਨਾਂ ਦੀ ਰਚਨਾ ਤੇ ਨਾਵਲ ਨਿਗਾਰੀ ਵਿਚ ਕੈਨੇਡੀਅਨ ਜੀਵਨ ਦੀਆਂ ਵਖ ਵਖ ਪਰਤਾਂ ਦੀਆਂ ਝਲਕੀਆਂ ਮਿਲਦੀਆਂ ਹਨ। ਉਹਨਾਂ ਦੇ ਪਿਛਲੇ ਨਾਵਲ ‘ਵਿਗੋਚਾ’ ਅਤੇ ‘ਬੇਗਾਨੇ’ ਇਸ ਕਾਰਨ ਚਰਚਾ ਵਿਚ ਰਹੇ। ਉਹ ਲੰਮੇ ਸਮੇਂ ਤੋਂ ਕੈਨੇਡਾ ਵਿਚ ਪੰਜਾਬੀ ਲੇਖਕਾਂ ਦੀ ਸਭ ਤੋਂ ਪੁਰਾਣੀ ਸੰਸਥਾ ਪੰਜਾਬੀ ਲੇਖਕ ਮੰਚ ਨਾਲ ਜੁੜੇ ਹਨ ਤੇ ਕਈ ਵਾਰ ਇਸ ਦੇ ਕੋਆਰਡੀਨੇਟਰ ਵੀ ਰਹਿ ਚੁਕੇ ਹਨ ਤੇ ਸਥਾਨਕ ਸਾਹਿਤਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿਸਾ ਲੈਂਦੇ ਹਨ। ਇਸ ਮੌਕੇ ਸ਼ਿਕਾਗੋ ਯੂਨੀਵਰਸਿਟੀ ਤੋਂ ਆਏ ਸੁਨੀਤ ਸਿੰਘ ਨੇ ਬੀ. ਸ਼ੀ. ਵਿਚ ਪੰਜਾਬੀਆਂ ਦੇ ਪ੍ਰਵਾਸ ਸੰਬੰਧੀ ਇਕ ਪੇਪਰ ਪੜ੍ਹਿਆ ਜਿਸ ਤੇ ਵਿਚਾਰ ਚਰਚਾ ਵਿਚ ਅਜਮੇਰ ਰੋਡੇ, ਬਲਵੰਤ ਸੰਘੇੜਾ ਨੇ ਹਿਸਾ ਲਿਆ। ਇਸ ਤੋਂ ਬਾਦ ਪੰਜਾਬੀ ਲੇਖ ਮੁਕਾਬਲੇ ਵਿਚ ਇਨਾਮ ਜਿਤਣ ਵਾਲਿਆਂ ਵਿਦਿਆਰਥੀਆਂ ਨੂੰ ਵੀ ਇਨਾਮ ਵੰਡੇ ਗਏ।
ਵਿਦਿਆਰਥੀਆਂ ਨੇ ਸਕਿਟਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਵਿਚ ਪ੍ਰਭਜੋਤ ਸੇਖਾ, ਗੁਰਲੀਨ ਤੇ ਹੋਰ ਵਿਦਿਆਰਥੀਆਂ ਨੇ ਭਾਗ ਲਿਆ। ਸਮੁਚੇ ਤੌਰ ‘ਤੇ ਯੂ ਬੀ ਸੀ ਵਿਚ ਪੰਜਾਬੀ ਜਸ਼ਨ ਦੀ ਇਹ ਸ਼ਾਨਦਾਰ ਸ਼ਾਮ ਬਹੁਤ ਸਫਲ ਤੇ ਯਾਦਗਾਰੀ ਬਣੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …