ਟੋਰਾਂਟੋ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਅਤੀਤ ਵਿੱਚ ਮੂਲਵਾਸੀ ਲੋਕਾਂ ਨਾਲ ਹੋਈਆਂ ਵਧੀਕੀਆਂ ਨੂੰ ਠੀਕ ਕਰਨ ਦੇ ਦਾਅਵੇ ਕਰਨ ਵਾਲੀ ਲਿਬਰਲ ਸਰਕਾਰ ਅਜਿਹਾ ਆਖਣ ਦਾ ਸਿਰਫ ਢੋਂਗ ਕਰ ਰਹੀ ਹੈ, ਜਦਕਿ ਉਨ੍ਹਾਂ ਨਾਲ ਸਬੰਧਤ ਅਹਿਮ ਫਾਈਲਾਂ ਉੱਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਜਗਮੀਤ ਸਿੰਘ ਨੇ ਆਖਿਆ ਕਿ ਨੈਸ਼ਨਲ ਇੰਡੀਜੀਨਸ ਪੀਪਲਜ਼ ਡੇਅ ਮੌਕੇ ਮੂਲਵਾਸੀ ਲੋਕਾਂ ਨਾਲ ਸੁਲ੍ਹਾ ਸਬੰਧੀ ਆਪਣੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਵਾਲੇ ਲਿਬਰਲਾਂ ਵੱਲੋਂ ਅਸਲ ਵਿੱਚ ਇਸ ਪਾਸੇ ਕੋਈ ਟੀਚਾ ਪੂਰਾ ਨਹੀਂ ਕੀਤਾ ਗਿਆ। ਪੁਰਾਣੇ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਸਾਈਟ ਤੋਂ 215 ਬੱਚਿਆਂ ਦੇ ਮਿਲੇ ਪਿੰਜਰਾਂ ਦੇ ਮਾਮਲੇ ਵਿੱਚ ਲਿਬਰਲਾਂ ਨੂੰ ਕਈ ਹਫਤਿਆਂ ਤੱਕ ਤਰ੍ਹਾਂ-ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਲਾਪਤਾ ਤੇ ਕਤਲ ਕੀਤੀਆਂ ਗਈਆਂ ਮੂਲਵਾਸੀ ਮਹਿਲਾਵਾਂ ਤੇ ਬੱਚੀਆਂ ਸਬੰਧੀ ਨੈਸ਼ਨਲ ਇਨਕੁਆਰੀ ਕਮਿਸ਼ਨ ਬਾਰੇ ਵੀ ਓਟਵਾ ਦੇ ਰਵੱਈਏ ਦੀ ਕਈ ਇੰਡੀਜੀਨਸ ਗਰੁੱਪਸ ਵੱਲੋਂ ਨਿਖੇਧੀ ਕੀਤੀ ਜਾ ਚੁੱਕੀ ਹੈ। ਬੀਤੇ ਦਿਨੀਂ ਦੋ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਦੇ ਫੈਸਲਿਆਂ ਵਿੱਚ ਇਹ ਆਖਿਆ ਗਿਆ ਸੀ ਕਿ ਫੈਡਰਲ ਸਰਕਾਰ ਨੇ ਸਹੀ ਢੰਗ ਨਾਲ ਚਾਈਲਡ ਐਂਡ ਫੈਮਿਲੀ ਸਰਵਿਸਿਜ਼ ਨੂੰ ਫੰਡ ਨਾ ਕਰਕੇ ਮੂਲਵਾਸੀ ਬੱਚਿਆਂ ਨਾਲ ਵਿਤਕਰਾ ਕੀਤਾ ਹੈ ਤੇ ਇਨ੍ਹਾਂ ਫੈਸਲਿਆਂ ਨੂੰ ਵੀ ਫੈਡਰਲ ਸਰਕਾਰ ਵੱਲੋਂ ਫੈਡਰਲ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਈ ਤਰ੍ਹਾਂ ਦੇ ਟਵੀਟ ਕਰਕੇ ਫਰਸਟ ਨੇਸ਼ਨਜ਼, ਇਨੁਇਟ ਤੇ ਮੈਟਿਸ ਲੋਕਾਂ ਦੇ ਵੰਨ ਸੁਵੰਨੇ ਸੱਭਿਆਚਾਰ, ਭਾਸ਼ਾਵਾਂ ਤੇ ਰਵਾਇਤਾਂ ਦੇ ਜਸ਼ਨਾਂ ਵਿੱਚ ਸ਼ਰੀਕ ਹੋਣ ਦੀ ਕੋਸ਼ਿਸ਼ ਕੀਤੀ ਗਈ। ਪਰ ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਮੂਲਵਾਸੀ ਲੋਕਾਂ ਨਾਲ ਜੁੜੇ ਮਸਲਿਆਂ ਉੱਤੇ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ ਤੇ ਸਿਰਫ ਮੁਆਫੀ ਮੰਗਣ ਨਾਲ ਹੀ ਸੱਭ ਠੀਕ ਨਹੀਂ ਹੋਣ ਵਾਲਾ।
ਲਿਬਰਲ ਸਰਕਾਰ ਮੂਲਵਾਸੀਆਂ ਨਾਲ ਕਰ ਰਹੀ ਹੈ ਢੌਂਗ : ਜਗਮੀਤ ਸਿੰਘ
RELATED ARTICLES

