ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਲੰਘੇ ਐਤਵਾਰ 20 ਜੂਨ ਨੂੰ ਹੋਈ ਮਹੀਨਾਵਾਰ ਮੀਟਿੰਗ ਵਿਚ ਪ੍ਰਸਿੱਧ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਜਿਨ੍ਹਾਂ ਦੀ ਜਨਮ-ਸ਼ਤਾਬਦੀ ਇਸ ਸਾਲ ਮਨਾਈ ਜਾ ਰਹੀ ਹੈ, ਦੇ ਜੀਵਨ ਅਤੇ ਉਨ੍ਹਾਂ ਵੱਲੋਂ ਪੰਜਾਬੀ ਕਹਾਣੀ-ਜਗਤ ਵਿਚ ਪਾਏ ਗਏ ਉੱਘੇ ਯੋਗਦਾਨ ਬਾਰੇ ਬਰੈਂਪਟਨ ਦੇ ਕਹਾਣੀਕਾਰ ਕੁਲਜੀਤ ਮਾਨ ਵੱਲੋਂ ਚਰਚਾ ਕੀਤੀ ਗਈ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਕਹੇ ਗਏ ਸੁਆਗ਼ਤੀ-ਸ਼ਬਦਾਂ ਤੋਂ ਬਾਅਦ ਸੰਚਾਲਕ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਕੁਲਜੀਤ ਮਾਨ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਆਪਣੀ ਗੱਲ ਕੁਲਵੰਤ ਸਿੰਘ ਵਿਰਕ ਨਾਲ 1984 ਵਿਚ ਹੋਈ ਨਿੱਜੀ ਮੁਲਾਕਾਤ ਤੋਂ ਆਰੰਭ ਕੀਤੀ ਜਦੋਂ ਉਹ ਆਪਣੀ ਪਤਨੀ ਨਾਲ ਮਾਲਟਨ ਵਿਖੇ ਰਹਿੰਦੀ ਆਪਣੀ ਬੇਟੀ ਨੂੰ ਮਿਲਣ ਆਏ ਸਨ ਅਤੇ ਕੁਲਜੀਤ ਮਾਨ ਵੀ ਉਦੋਂ ਉੱਥੇ ਮਾਲਟਨ ਵਿਚ ਹੀ ਰਹਿੰਦੇ ਸਨ। ਇਸ ਮੁਲਾਕਾਤ ਬਾਰੇ ਦੱਸਦਿਆਂ ਕੁਲਜੀਤ ਮਾਨ ਨੇ ਕਿਹਾ ਕਿ ਦੋ ਕੁ ਵਾਰੀ ਕੁਲਵੰਤ ਸਿੰਘ ਵਿਰਕ ਨੂੰ ਅਜਨਬੀਆਂ ਵਾਂਗ ਦੂਰੋਂ ਹੀ ਵੇਖਣ ਤੋਂ ਬਾਅਦ ਤੀਸਰੇ ਦਿਨ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨੂੰ ਆਪਣੇ ਘਰ ਆਉਣ ਦੀ ਬੇਨਤੀ ਕੀਤੀ ਜੋ ਉਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਈ। ਚਾਹ-ਪਾਣੀ ਦੌਰਾਨ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਉਨ੍ਹਾਂ ਦੇ ਸਹੁਰੇ ਅੰਮ੍ਰਿਤਸਰ ਸਨ ਅਤੇ ਉਹ ਆਰਥੋਪੀਡੈਕਸ ਦੇ ਮਾਹਿਰ-ਸਰਜਨ ਡਾ. ਕਰਮ ਸਿੰਘ ਦੇ ਜਵਾਈ ਸਨ। ਕੁਲਜੀਤ ਮਾਨ ਦਾ ਪਿਛੋਕੜ ਵੀ ਅੰਮ੍ਰਿਤਸਰ ਦਾ ਹੋਣ ਕਰਕੇ ਦੋਹਾਂ ਪਰਿਵਾਰਾਂ ਦੀ ਨੇੜਤਾ ਹੋਰ ਵੀ ਵੱਧ ਗਈ ਅਤੇ ਉਨ੍ਹਾਂ ਦਾ ਦੂਜੇ-ਚੌਥੇ ਦਿਨ ਘਰੀਂ ਆਉਣਾ-ਜਾਣਾ ਬਣ ਗਿਆ। ਪਰ ਕੁਲਵੰਤ ਸਿੰਘ ਨਾਂ ਦੇ ਉਸ ਵਿਅੱਕਤੀ ਦੇ ‘ਕਹਾਣੀਕਾਰ ਕੁਲਵੰਤ ਸਿੰਘ ਵਿਰਕ’ ਹੋਣ ਬਾਰੇ ਪਤਾ ਕੁਲਜੀਤ ਮਾਨ ਨੂੰ ਦੋ ਹਫ਼ਤਿਆਂ ਬਾਅਦ ਲੱਗਾ ਜਦੋਂ ਉਨ੍ਹਾਂ ਨੇ ਇਕ ਦਿਨ ਝਕਦਿਆਂ-ਝਕਦਿਆਂ ਉਨ੍ਹਾਂ ਕੋਲੋਂ ਪੁੱਛਿਆ ਸੀ ਕਿ ਕੁਲਵੰਤ ਸਿੰਘ ਵਿਰਕ ਨਾਂ ਦਾ ਲੇਖਕ ਕਹਾਣੀਆਂ ਬਹੁਤ ਵਧੀਆ ਲਿਖਦਾ ਹੈ ਅਤੇ ਅੱਗੋਂ ਵਿਰਕ ਸਾਹਿਬ ਨੇ ਕਿਹਾ ਸੀ, ”ਮੈ ਓਹੀ ਹਾਂ”। ਕੁਲਜੀਤ ਮਾਨ ਨੇ ਦੱਸਿਆ ਕਿ 1987 ਵਿਚ ਉਹ ਫਿਰ ਕਨੇਡਾ ਆਏ ਸਨ ਪਰ ਉਦੋਂ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਅਤੇ ਇਸ ਸਾਲ ਹੀ ਪੰਜਾਬ ਜਾ ਕੇ ਕਿਸੇ ਅਗਿਆਤ ਬੀਮਾਰੀ ਨਾਲ ਉਹ ਅਕਾਲ ਚਲਾਣਾ ਕਰ ਗਏ ਸਨ। ਵਿਰਕ ਸਾਹਿਬ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੁਲਜੀਤ ਮਾਨ ਨੇ ਦੱਸਿਆ ਕਿ ਕਹਾਣੀਕਾਰ ਹੁੰਦਿਆਂ ਹੋਇਆਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਡਾਇਰੈੱਕਟਰ ਦੇ ਉੱਚ ਅਹੁਦੇ ‘ਤੇ ਕੰਮ ਕਰਦੇ ਰਹੇ ਅਤੇ ਚੰਡੀਗੜ੍ਹ ਵਿਚ ਪਰੈੱਸ ਇਨਫ਼ਮੇਸ਼ਨ ਬਿਓਰੋ ਵਿਚ ਵੀ ਕਈ ਸਾਲ ਕੰਮ ਕੀਤਾ। 1969 ਵਿਚ ਉਨ੍ਹਾਂ ਨੂੰ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਸਰਵੋਤਮ ਕਹਾਣੀਕਾਰ ਵਜੋਂ ਸਨਮਾਨਿਤ ਕੀਤਾ ਗਿਆ ਜਿਸ ਨਾਲ ਭਾਸ਼ਾ ਵਿਭਾਗ ਦੇ ਇਕ ਤਰ੍ਹਾਂ ਖ਼ੁਦ ਸਨਮਾਨਿਤ ਹੋਣ ਵਾਲੀ ਗੱਲ ਹੈ। ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਉੱਘੇ ਗ਼ਜ਼ਲਗੋ ਡਾ. ਰਣਧੀਰ ਸਿੰਘ ਚੰਦ, ਉੱਘੇ ਆਲੋਚਕ ਡਾ. ਟੀ.ਆਰ. ਵਿਨੋਦ ਅਤੇ ਕਈ ਹੋਰਨਾਂ ਨੇ ਉਨ੍ਹਾਂ ਦੀਆਂ ਕਹਾਣੀਆਂ ਉੱਪਰ ਭਰਪੂਰ ਕੰਮ ਕਰਕੇ ਪੀਐੱਡ.ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਪਰੰਪਰਾਵਾਦੀ ਨਿੱਕੀ ਕਹਾਣੀ ਦੀ ਸ਼ੁਰੂਆਤ ਕੀਤੀ ਅਤੇ ‘ਧਰਤੀ ਹੇਠਲਾ ਬਲ਼ਦ’, ‘ਤੂੜੀ ਦੀ ਪੰਡ’ ਤੇ ‘ਮੁਰਦੇ ਦੀ ਤਾਕਤ’ ਵਰਗੀਆਂ ਨਾਮੀ-ਕਹਾਣੀਆਂ ਨਾਲ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਤੋਂ ਬਾਅਦ ਅਜੋਕੀ ਬਹੁ-ਪਰਤੀ ਲੰਮੀ ਕਹਾਣੀ ਦੀ ਸ਼ੁਰੂਆਤ ਹੋਈ ਜਿਸ ਵਿਚ ਕਈ ਸਮਾਜਿਕ ਅਤੇ ਮਨੋ-ਵਿਗਿਆਨਕ ਪੱਖ ਉਘਾੜੇ ਜਾਂਦੇ ਹਨ। ਉਪਰੰਤ, ਜ਼ੂਮ-ਸਮਾਗ਼ਮ ਵਿਚ ਮੌਜੂਦ ਲਖਬੀਰ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਕਰਨ ਅਜਾਇਬ ਸਿੰਘ ਸੰਘਾ ਅਤੇ ਬਲਰਾਜ ਚੀਮਾ ਵੱਲੋਂ ਇਸ ਸਬੰਧੀ ਕੁਲਜੀਤ ਮਾਨ ਨੂੰ ਕਈ ਸੁਆਲ ਵੀ ਕੀਤੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬਾਖ਼ੂਬੀ ਦਿੱਤੇ ਗਏ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਇਕਬਾਲ ਬਰਾੜ ਅਤੇ ਰਿੰਟੂ ਭਾਟੀਆਂ ਵੱਲੋਂ ਆਪਣੀਆਂ ਖ਼ੂਬਸੂਰਤ ਆਵਾਜ਼ਾਂ ਵਿਚ ਗੀਤ ਸੁਣਾਏ ਗਏ ਅਤੇ ਫਿਰ ਕਵਿਤਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਜਿਸ ਵਿਚ ਉਸ ਦਿਨ ‘ਫ਼ਾਦਰਜ਼ ਡੇਅ’ ਹੋਣ ਕਰਕੇ ਡਾ. ਗੁਰਮਿੰਦਰ ਸਿੱਧੂ, ਨਿਰਵੈਲ ਸਿੰਘ ਅਰੋੜਾ, ਜਗੀਰ ਸਿੰਘ ਕਾਹਲੋਂ ਅਤੇ ਸੁਖਦੇਵ ਸਿੰਘ ਝੰਡ ਵੱਲੋਂ ਪਿਤਾ-ਸਨੇਹ ਬਾਰੇ ਆਪਣੀਆਂ ਕਵਿਤਾਵਾਂ ਸੁਣਾਈਆਂ ਗਈਆਂ। ਪਰਮਜੀਤ ਦਿਓਲ ਨੇ ਖ਼ੂਬਸੂਰਤ ਗ਼ਜ਼ਲ ਕਹੀ। ਹਰਜਸਪ੍ਰੀਤ ਗਿੱਲ ਵੱਲੋਂ ‘ਉਡਨੇ ਸਿੱਖ’ ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਅਤੇ ਪੰਜਾਬੀ ਯੂਨੀਵਸਿਟੀ ਪਟਿਆਲਾ ਦੇ ਵਿਦਵਾਨ ਪ੍ਰੋਫ਼ੈੱਸਰ (ਡਾ.) ਜੋਧ ਸਿੰਘ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਮਾਗ਼ਮ ਦੀ ਕਾਰਵਾਈ ਸਮੇਟਦਿਆਂ ਹੋਇਆਂ ਕਰਨ ਅਜਾਇਬ ਸਿੰਘ ਸੰਘਾ ਨੇ ਆਪਣੀ ਕਵਿਤਾ ਵੀ ਸੁਣਾਈ ਅਤੇ ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਾਰਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਹੋਰਨਾਂ ਤੋਂ ਇਲਾਵਾ ਡਾ. ਅਮਰਜੀਤ ਸਿੰਘ ਬਨਵੈਤ, ਪਰਮਿੰਦਰ ਜੋਸਣ, ਗੁਰਚਰਨ ਥਿੰਦ ਅਤੇ ਰਮਿੰਦਰ ਵਾਲੀਆ ਵੀ ਸ਼ਾਮਲ ਸਨ।