ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਅਤੇ ਹੀਟ ਸਟਰੋਕ ਦਾ ਖਤਰਾ ਵਧਿਆ
ਟੋਰਾਂਟੋ/ 12 ਅਗਸਤ, 2019
ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ‘ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ ਕਿ ਉਹ ਕਲਾਈਮੇਟ ਚੇਂਜ ਦੇ ਮਾਰੂ ਅਸਰਾਂ ਤੋਂ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹਨ। ਓਨਟੈਰੀਓ ਵਿੱਚ ਇਸ ਤਰਾਂ ਦਾ ਇਹ ਪਹਿਲਾ ਉਦਮ ਹੈ, ਜਿਸ ਰਾਹੀਂ ਵਾਤਾਵਰਣ ਦੀਆਂ ਤਬਦੀਲੀਆਂ ਅਤੇ ਇਸ ਕਾਰਨ ਬੱਚਿਆਂ ਦੀ ਸਿਹਤ ਤੇ ਪੈਣ ਵਾਲੇ ਅਸਰ ਬਾਰੇ ਜਾਗਰਤੀ ਪੈਦਾ ਕੀਤੀ ਜਾਵੇਗੀ। ਇਸ ਬਾਰੇ ਨਵੀਆਂ ਖੋਜਾਂ ਰਾਹੀਂ ਕਾਫੀ ਚਿੰਤਾਜਕਨ ਜਾਣਕਾਰੀ ਸਾਹਮਣੇ ਆਈ ਹੈ।
• ਲੰਬੀਆਂ, ਖੁਸ਼ਕ ਅਤੇ ਤਿੱਖੀਆਂ ਗਰਮ ਰੁੱਤਾਂ ਬੱਚਿਆਂ ਵਿੱਚ ਦਮੇਦੇ ਕੇਸਾਂ ਵਿੱਚ ਵਾਧੇ ਦਾ ਕਾਰਨ ਹੈ, ਜਿਹੜਾ ਅੱਗੇ ਕੈਨੇਡਾ ਵਿੱਚ ਬੱਚਿਆਂ ਦੇ ਹਸਪਤਾਲ ਵਿੱਚ ਭਰਤੀ ਹੋਣ ਦਾ ਇਕ ਪ੍ਰਮੁੱਖ ਕਾਰਨ ਹੈ।
• ਸਾਲਾ 2021 ਤੋਂ ਲੈ ਕੇ 2050 ਤੱਕ ਟੋਰਾਂਟੋ ਖੇਤਰ ਵਿੱਚ ਸਾਲ ਵਿੱਚ 30 ਸਖਤ ਗਰਮੀ ਵਾਲੇ ਦਿਨ ਹੋਣ ਦੀ ਸੰਭਾਵਨਾ ਹੈ ਅਤੇ 2080 ਤੱਕ ਇਨ੍ਹਾ ਦੀ ਗਿਣਤੀ 50 ਤੱਕ ਪਹੁੰਚ ਜਾਵੇਗੀ। ਇਸ ਦਾ ਸਭ ਤੋਂ ਵੱਧ ਅਸਰ ਬੱਚਿਆਂ ਤੇ ਪਵੇਗਾ।
• ਸਮਰ ਸੀਜ਼ਨ ਦੇ ਲੰਬੇ ਹੋਣ ਦਾ ਇਕ ਅਸਰ ਇਹ ਹੋਵੇਗਾ ਕਿ ਲਾਈਮ ਰੋਗ ਪੈਦਾ ਕਰਨ ਵਾਲੇ ਟਿਕਸ ਦੀ ਅਬਾਦੀ ਵਧ ਜਾਏਗੀ ਅਤੇ ਫੈਲ ਜਾਏਗੀ। ਪੰਜ ਤੋਂ ਨੌ ਸਾਲ ਦੀ ਉਮਰ ਦੇ ਬੱਚੇ ਲਾਈਮ ਰੋਗ ਦੇ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ।
ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੇ ਅਗਜ਼ੈਕਟਿਵ ਡਾਇਰੈਕਟਰ ਪੈਗੀਨ ਵੌਲਸ਼ ਦਾ ਕਹਿਣਾ ਹੈ ਕਿ ਇਨਸਾਨੀ ਸਿਹਤ ਲਈ ਕਲਾਈਮੇਟ ਚੇਂਜ ਇਕ ਗੰਭੀਰ ਖਤਰਾ ਹੈ ਅਤੇ ਬੱਚੇ ਇਸਦਾ ਸਭ ਤੋਂ ਵੱਧ ਸ਼ਿਕਾਰ ਬਣਨਗੇ। ਹੈਲਥ ਪ੍ਰੋਫੈਸ਼ਨਲਜ਼ ਦੇ ਤੌਰ ਤੇ ਸਾਡੀ ਸਾਰਿਆਂ ਦੀ ਇਹ ਜ਼ਿੰਮੇਦਾਰੀ ਹੈ ਕਿ ਇਨ੍ਹਾਂ ਖਤਰਿਆਂ ਬਾਰੇ ਪਰਿਵਾਰਾਂ ਵਿਚ ਜਾਗਰਤੀ ਪੈਦਾ ਕਰੀਏ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰੀਏ।
ਵਰਲਡ ਹੈਲਥ ਔਰਗੇਨਾਈਜੇਸ਼ਨ ਅਨੁਸਾਰ 21ਵੀਂ ਸਦੀ ਵਿੱਚ ਗਲੋਬਲ ਹੈਲਥ ਲਈ ਕਲਾਈਮੇਟ ਚੇਂਜ ਇਕ ਵੱਡਾ ਖਤਰਾ ਹੈ। ਪੈਗੀਨ ਵੌਲਸ਼ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਲਈ ਕਲਾਈਮੇਟ ਚੇਂਜ ਨਾਲ ਸੰਬੰਧਤ ਖਤਰਿਆ ਨੂੰ ਘਟਾਉਣ ਲਈ ਕੁੱਝ ਅਜਿਹੇ ਕਦਮ ਹਨ, ਜਿਹੜੇ ਮਾਪੇ ਤੁਰੰਤ ਉਠਾ ਸਕਦੇ ਹਨ। ਪਰ ਅਸਲ ਵਿੱਚ ਸਾਨੂੰ ਕਲਾਈਮੇਟ ਚੇਂਜ ਨੂੰ ਰੋਕਣ ਲਈ ਹੀ ਕੰਮ ਕਰਨਾ ਹੋਵੇਗਾ। ਲੰਬੇ ਸਮੇਂ ਵਾਸਤੇ ਆਪਣੇ ਬੱਚਿਆ ਦੀ ਸਿਹਤ ਨੂੰ ਬਚਾਕੇ ਰੱਖਣ ਲਈ ਇਹ ਹੀ ਇਕ ਰਸਤਾ ਹੈ। ਜੇ ਅਸੀਂ ਕੁੱਝ ਨਹੀਂ ਕਰਦੇ ਤਾਂ ਇਹ ਸਮੱਸਿਆਵਾਂ ਵਧਣਗੀਆਂ।
#MakeItBetter ਤੇ ਕਲਾਈਮੇਟ ਚੇਂਜ ਦੁਆਰਾ ਬੱਚਿਆਂ ਦੀ ਸਿਹਤ ਤੇ ਪੈਣ ਵਾਲੇ ਅਸਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਾਲੋ ਨਾਲ ਮਾਪਿਆਂ ਅਤੇ ਬੱਚਿਆ ਦੀ ਸਾਂਭ-ਸੰਭਾਲ ਕਰਨ ਵਾਲਿਆਂ ਲਈ ਇਨ੍ਹਾਂ ਖਤਰਿਆ ਨੂੰ ਟਾਲਣ ਵਾਸਤੇ ਸਲਾਹਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਉੱਦਮ ਵਿੱਚ ਲੋਕਾਂ ਨੂੰ ਕਲਾਈਮੇਟ ਚੇਂਜ ਬਾਰੇ ਹੋਰ ਜਾਣਕਾਰੀ ਅਤੇ ਸਾਧਨ ਵੀ ਦਿੱਤੇ ਗਏ ਹਨ।
ਵੌਲਸ਼ ਨੇ ਅੱਗੇ ਕਿਹਾ ਕਿ #MakeItBetter ਨਾਲ ਅਸੀਂ ਲੋਕਾਂ ਨੂੰ ਇਕ ਬਹੁਤ ਹੀ ਸਧਾਰਨ ਪਰ ਅਹਿਮ ਤਹੱਈਆ ਕਰਨ ਲਈ ਕਹਿ ਰਹੇ ਹਾਂ: ਜਾਣਕਾਰੀ ਵਧਾਓ, ਜੋ ਤੁਹਾਨੂੰ ਪਤਾ ਹੈ ਉਹ ਦੁਜਿਆ ਨਾਲ ਸਾਂਝਾ ਕਰੋ ਅਤੇ ਕਲਾਈਮੇਟ ਚੇਂਜ ਬਾਰੇ ਕਾਰਵਾਈਆਂ ਦੀ ਹਿਮਾਇਤ ਕਰੋ। ਇਨ੍ਹਾਂ ਖਤਰਿਆਂ ਤੋਂ ਜਾਣੂ ਹੋਣਾ ਅਤੇ ਉਸ ਬਾਰੇ ਗੱਲ ਕਰਨਾ ਪਹਿਲਾ ਕਦਮ ਹੈ।
ਇਸ ਉਦਮ ਬਾਰੇ ਹੋਣ ਜਾਣਕਾਰੀ ਲਈ ਇਹ ਵੈਬਸਾਈਟ ਦੇਖੋ: makeitbetterontario.ca
ਭਾਈਵਾਲੀ ਬਾਰੇ:
#MakeItBetter ਉਦਮ ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਕੈਨੇਡੀਅਨ ਇੰਸਟੀਚਿਊਟ ਔਫ ਪਬਲਿਕ ਹੈਲਥ ਇੰਸਪੈਕਟਰਜ਼-ਓਨਟੈਰੀਓ ਬਰਾਂਚ, ਅਸਥਮਾ ਕੈਨੇਡਾ, ਰਜਿਸਟਰਡ ਨਰਸਜ਼ ਐਸੋਸੀਏਸ਼ਨ ਔਫ ਓਨਟੈਰੀਓ ਦਾ ਸਹਿਯੋਗ ਹੈ। ਇਸ ਤੋਂ ਇਲਾਵਾ ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੇ ਵਾਲੰਟੀਅਰਜ਼ ਦੇ ਵਰਕ ਗਰੁੱਪਾਂ ਦਾ ਵੀ ਸਹਿਯੋਗ ਹੈ, ਜਿਨ੍ਹਾਂ ਵਿੱਚ ਪਬਲਿਕ ਅਤੇ ਕਮਿਉਨਿਟੀ ਹੈਲਥ ਖੇਤਰ ਵਿੱਚ ਕੰਮ ਕਰਨ ਵਾਲੇ ਮਾਹਰ ਸ਼ਾਮਲ ਹਨ।
ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਬਾਰੇ
ਇਹ ਸੰਸਥਾ 1949 ਵਿੱਚ ਬਣਾਈ ਗਈ ਸੀ। ਇਹ ਇਕ ਗੈਰ-ਸਿਆਸੀ ਸਮਾਜ ਸੇਵੀ ਸੰਸਥਾ ਹੈ, ਜਿਹੜੀ ਲੋਕਾਂ ਦੀ ਸਿਹਤ ਬਾਰੇ ਚਿੰਤਤ ਵੱਖ ਵੱਖ ਗਰੁੱਪਾਂ ਅਤੇ ਵਿਅਕਤੀਆਂ ਨੂੰ ਇਕ ਮੰਚ ਤੇ ਇਕੱਠੇ ਕਰਦੀ ਹੈ। ਇਸ ਦੇ ਮੈਂਬਰ ਸੰਸਥਾ ਦੇ ਇਸ ਮਿਸ਼ਨ ਦੁਆਲੇ ਇਕੱਤਰ ਹੋਏ ਹਨ ਕਿ ਇਕ ਪਾਸੇ ਪਬਲਿਕ ਹੈਲਥ ਨਾਲ ਸੰਬੰਧਤ ਮੁੱਦਿਆ ਬਾਰੇ ਲੀਡਰਸ਼ਿਪ ਪ੍ਰਦਾਨ ਕਰਨੀ ਹੈ ਅਤੇ ਦੂਜਾ ਜਿਹੜੇ ਲੋਕ ਓਨਟੈਰੀਓ ਵਿੱਚ ਪਬਲਿਕ ਅਤੇ ਕਮਿਉਨਿਟੀ ਹੈਲਥ ਦੇ ਖੇਤਰ ਵਿੱਚ ਸਰਗਰਮ ਹਨ, ਉਨ੍ਹਾਂ ਦੇ ਹੱਥ ਮਜ਼ਬੂਤ ਕਰਨੇ ਹਨ। ਇਸ ਮਿਸ਼ਨ ਦੀ ਪੂਰਤੀ ਪ੍ਰੋਫੈਸ਼ਨਲ ਡਿਵੈਲਪਮੈਂਟ, ਜਾਣਕਾਰੀ, ਕਮਿਉਨਿਟੀ ਅਤੇ ਪਬਲਿਕ ਹੈਲਥ ਮੁੱਦਿਆਂ ਦਾ ਵਿਸ਼ਲੇਸ਼ਣ, ਬਹੁ-ਅਨੁਸਾਸ਼ਨੀ ਨੈਟਵਰਕ ਤੱਕ ਪਹੁੰਚ, ਬੇਹਤਰ ਪਬਲਿਕ ਪਾਲਿਸੀ ਬਾਰੇ ਸਿਖਿਆ ਤੇ ਜਾਗਰੂਕਤਾ ਸਰਗਰਮੀਆਂ ਅਤੇ ਮਾਹਰਾਂ ਦੀ ਸਲਾਹ ਨਾਲ ਹੁੰਦੀ ਹੈ। ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਦੇ ਵਰਕ ਗਰੁੱਪਾਂ, ਨੈਟਵਰਕਾਂ ਅਤੇ ਹੋਰ ਸੰਸਥਾਵਾਂ ਵਿੱਚ ਸ਼ਮੂਲੀਅਤ ਰਾਹੀਂ ਐਸੋਸੀਏਸ਼ਨ ਦੇ ਮੈਂਬਰ ਕਈ ਪ੍ਰਕਾਰ ਦੇ ਮੁੱਦਿਆਂ ਤੇ ਤਬਦੀਲੀ ਦੀ ਅਗਵਾਈ ਕਰ ਰਹੇ ਹਨ, ਜਿਨ੍ਹਾਂ ਵਿੱਚ ਸ਼ਰਾਬ, ਕੈਨਾਬਿਸ, ਹੈਲਥ ਬਰਾਬਰੀ, ਗਰੀਬੀ ਦਾ ਖਾਤਮਾ, ਬੇਇਲਾਜ ਰੋਗਾਂ ਤੋਂ ਰੋਕਥਾਮ, ਮੂੰਹ ਦੀ ਸਿਹਤ-ਸੰਭਾਲ ਬਾਰੇ ਵੱਧ ਸਹੂਲਤਾਂ, ਭੋਜਨ-ਸਾਖਰਤਾ, ਹੈਲਦੀ ਇਟਿੰਗ ਅਤੇ ਪੌਸ਼ਟਿਕ ਖੁਰਾਕ, ਵਾਤਾਵਰਣ ਦੀ ਤੰਦਰੁਸਤੀ, ਕਲਾਈਮੇਟ ਚੇਂਜ ਆਦਿ ਸ਼ਾਮਲ ਹਨ।