Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ

ਰਾਜਵੰਤ ਰਾਜ ਦਾ ਗ਼ਜ਼ਲ ਸੰਗ੍ਰਹਿ ‘ਟੁੱਟੇ ਸਿਤਾਰੇ ਚੁਗਦਿਆਂ’ ਲੋਕ ਅਰਪਣ
ਕੈਲਗਰੀ/ਜ਼ੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਹੀਨਾਵਾਰ ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ‘ਜੀ ਆਇਆਂ’ ਆਖਿਆ। ਅਗਲੀ ਕਾਰਵਾਈ ਵਿੱਚ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ‘ਪਿਤਾ ਦਿਵਸ’ ਉੱਤੇ ਸਭ ਨੂੰ ਮੁਬਾਰਕਬਾਦ ਕਿਹਾ, ਸਭ ਲਈ ਖੁਸ਼ਗਵਾਰ ਜ਼ਿੰਦਗੀ ਦੀ ਕਾਮਨਾ ਕੀਤੀ। ਸ਼ੋਕ ਮਤੇ ਸਾਂਝੇ ਕਰਦਿਆ ਮਿਸਾਲ ਵਜੋਂ ਆਪਣੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ‘ਉੱਡਣਾ ਸਿੱਖ’ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਨਿੰਮੀ ਦੇ ਸਦੀਵੀ ਵਿਛੋੜੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਾਹਿਤ ਖੇਤਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਨਾਵਲਕਾਰ ਤੇ ਕਹਾਣੀਕਾਰ ਸਰਦਾਰ ਕੁਲਦੀਪ ਸਿੰਘ ਸੂਰੀ,ਜਿਨ੍ਹਾਂ ਦੀਆਂ ‘ਜੰਗਲ ਦੇ ਜਾਏ’ ਤੇ ‘ਮਰਦਾਨਾ’ ਲਿਖਤਾਂ ਬਹੁਤ ਪ੍ਰਸਿੱਧ ਹੋਈਆਂ, ਵੀ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ ਹਨ। ਨੌਜਵਾਨ ਲੇਖਕਾਂ ਅਮਨਦੀਪ ਜਲੰਧਰੀ, ਜੋ ਬਹੁਪੱਖੀ ਸ਼ਖ਼ਸੀਅਤ ਸਨ। ਇਕ ਦਰਦਨਾਕ ਸੜਕ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋਈ। ਜਿਸ ਵਿਚ ਉਨ੍ਹਾਂ ਦਾ ਗਿਆਰਾਂ ਸਾਲ ਦਾ ਬੇਟਾ ਵੀ ਚਲਾ ਗਿਆ। ਇਸ ਬੇਵਕਤ ਦਰਦਨਾਕ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨਟਾਰੀਓ ਦੇ ਲੰਡਨ ਸ਼ਹਿਰ ਵਿਚ ਵਾਪਰੇ ਸੜਕ ਹਾਦਸੇ ਵਿੱਚ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਪਰਿਵਾਰ, ਜਿਸ ਵਿੱਚ ਚਾਰ ਜੀਆਂ ਦੀ ਮੌਤ ਹੋਈ ਤੇ ਨੌਂ ਸਾਲ ਦਾ ਬੱਚਾ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋਇਆ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿਚ ਰਿਹਾਇਸ਼ੀ ਸਕੂਲ ਵਿੱਚੋ ਮਿਲੇ ਦੋ ਸੌ ਪੰਦਰਾਂ ਬੱਚਿਆਂ ਦੇ ਸਰੀਰਕ ਅੰਗਾਂ ਦੀ ਘਟਨਾ ‘ਤੇ ਵੀ ਅਫਸੋਸ ਜ਼ਾਹਿਰ ਕੀਤਾ ਗਿਆ। ਬਹੁਪੱਖੀ ਸ਼ਖ਼ਸੀਅਤ ਹਰੀਪਾਲ ਨੇ ਨਸਲਵਾਦ ਬਾਰੇ ਲਿਖੇ ਜਾ ਰਹੇ ਆਪਣੇ ਲੇਖ ਵਿੱਚੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ। ਸੁਖਜੀਤ ਸੈਣੀ ਨੇ ਇਸ ਘਟਨਾ ਦੇ ਮੱਦੇਨਜ਼ਰ ਖੁੱਲ੍ਹੀ ਕਵਿਤਾ ‘ਗੁਲਦਸਤਾ’ ਵਿੱਚ ਇਸ ਸਾਰੀ ਘਟਨਾ ਨੂੰ ਬੜੇ ਭਾਵੁਕ ਸ਼ਬਦਾਂ ਵਿੱਚ ਬਿਆਨ ਕੀਤਾ। ਰਚਨਾਵਾਂ ਦੇ ਅਗਲੇ ਦੌਰ ਵਿੱਚ ਸਰਬਜੀਤ ਉੱਪਲ ਨੇ ਫਾਦਰ ਡੇਅ ਨੂੰ ਸਮਰਪਿਤ ‘ਬਾਬੁਲ ਦਾ ਵਿਹੜਾ’, ਗੁਰਦੀਸ਼ ਕੌਰ ਗਰੇਵਾਲ ਨੇ ‘ਬਾਪ ਦੀ ਯਾਦ’, ਜਸਬੀਰ ਸਹੋਤਾ ਨੇ ‘ਬਾਪੂ ਤੇਰੇ ਪੈਰਾਂ ਦੀ ਬਿੜਕ’, ਹਰਮਿੰਦਰ ਚੁੱਘ ਨੇ ਉਰਦੂ ਸ਼ਾਇਰ ਤਾਹਿਰ ਸ਼ੋਹੀਨ ਦੀ ਨਜ਼ਮ ‘ਮੇਰਾ ਬਾਪ ਕਮ ਨਹੀਂ ਮਾਂ ਸੇ’, ਹਰਚਰਨ ਬਾਸੀ ਨੇ ‘ਰੱਬ ਨੇ ਬਣਾਇਆ ਰਿਸ਼ਤਾ ਕਮਾਲ ਦਾ’ ਰਚਨਾਵਾਂ ਸਾਂਝੀਆਂ ਕੀਤੀਆਂ। ਸਭਾ ਬਾਰੇ ਕਿਸੇ ਵੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨਾਲ ਫੋਨ ਨੰਬਰ 403 993 2201 ਅਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨਾਲ 587 437 7805 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …