ਰੇਸ-ਕਿੱਟਾਂ ਡਿਕਸੀ ਤੇ ਸਕਾਰਬਰੋ ਗੁਰੂਘਰਾਂ ਵਿਚ 20 ਅਗਸਤ ਦਿਨ ਸ਼ਨੀਵਾਰ ਨੂੰ ਦਿੱਤੀਆਂ ਜਾਣਗੀਆਂ
ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਦੋ ਸਾਲ ਦੇ ਲੰਮੇਂ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ-2022’ ਐਤਵਾਰ 28 ਅਗਸਤ ਨੂੰ ਕਰਵਾਈ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਨ੍ਹਾਂ ਦੌੜਾਕਾਂ ਜਾਂ ਵਾੱਕਰਾਂ ਨੇ ਸਾਲ 2020 ਵਿਚ ਕਰੋਨਾ ਮਹਾਂਮਾਰੀ ਫੈਲ ਜਾਣ ਕਾਰਨ ਇਹ ਈਵੈਂਟ ਕੈਂਸਲ ਹੋਣ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਫੀਸ ਵਾਪਸ ਨਹੀਂ ਲਈ ਸੀ, ਉਨ੍ਹਾਂ ਲਈ ਉਨ੍ਹਾਂ ਦੀ ਪੁਰਾਣੀ ਰਜਿਸਟ੍ਰੇਸ਼ਨ ਬਿਲਕੁਲ ਵਾਜਬ ਹੈ ਅਤੇ ਉਨ੍ਹਾਂ ਨੂੰ ਦੋਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਈ-ਮੇਲ ਰਾਹੀਂ ਲੋੜੀਂਦੀ ਸੂਚਨਾ ਵੀ ਭੇਜ ਦਿੱਤੀ ਗਈ ਹੈ।
ਹੋਰ ਜਾਣਕਾਰੀ [email protected] ‘ਤੇ ਜਾ ਕੇ ਜਾਂ ਫਿਰ 416-564-3939 ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਦੌੜਾਕਾਂ ਤੇ ਵਾੱਕਰਾਂ ਲਈ ਰੇਸ-ਕਿੱਟਾਂ ਕਿੱਟਾਂ ਜਿਨ੍ਹਾਂ ਵਿਚ ਇਲੈੱਕਟ੍ਰਾਨਿਕ ਬਿੱਬ ਨੰਬਰ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸਨ ਦਾ ਮੈਗ਼ਜ਼ੀਨ ਅਤੇ ਇਸ ਦੌੜ ਦੇ ਰੂਟ ਦਾ ਨਕਸ਼ਾ ਹੋਵੇਗਾ, ਡਿਕਸੀ ਗੁਰੂਘਰ ਦੇ ਬਾਹਰ ਨਿਸ਼ਾਨ ਸਾਹਿਬ ਦੇ ਨੇੜੇ 20 ਅਗੱਸਤ ਨੂੰ ਸਵੇਰੇ 9.00 ਵਜੇ ਤੋਂ 10.00 ਤੱਕ ਜਾਂ ਉਸੇ ਦਿਨ ਬਾਅਦ ਦੁਪਹਿਰ 1.00 ਵਜੇ ਤੋਂ 2.00 ਵਜੇ ਤੱਕ ਸਕਾਰਬਰੋ ਗੁਰੂਘਰ ਦੇ ਲੰਗਰ ਹਾਲ ਵਿਚ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਜਿਹੜੇ ਉਸ ਦਿਨ ਕਿਸੇ ਕਾਰਨ ਇਹ ਕਿੱਟਾਂ ਨਹੀਂ ਲੈ ਸਕਣਗੇ, ਉਹ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਕੋਲੋਂ ਬਾਅਦ ਵਿਚ ਪ੍ਰਾਪਤ ਕਰ ਸਕਦੇ ਹਨ।
ਇਸ ਸਾਲ ਹੋਣ ਵਾਲੇ ‘ਇੰਸਪੀਰੇਸ਼ਨਲ ਸਟੈੱਪਸ-2022’ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦੌੜ ਦਾ ਅਰੰਭ ਅਤੇ ਇਸ ਦੀ ਸਮਾਪਤੀ ਵੀ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂਘਰ ਵਿਖੇ ਹੀ ਹੋਵੇਗੀ। ਇਸ ਦੌੜ ਦਾ ਮੁੱਖ-ਰੂਟ ਈਟੋਬੀਕੋਕ ਟਰੇਲ ਹੋਵੇਗਾ ਅਤੇ ਇਸ ਦੇ ਕੁਝ ਹਿੱਸੇ ਪੁਰਾਣੀਆਂ ਸੜਕਾਂ ਵਾਲੇ ਵੀ ਹੋਣਗੇ ਜਿਸ ਦੇ ਬਾਰੇ ਜਾਣਕਾਰੀ ਵਿਸਥਾਰ ਪੂਰਵਕ ਨਕਸ਼ੇ ਸਮੇਤ ਰੇਸ-ਕਿੱਟਾਂ ਵਿਚ ਪਾਈ ਗਈ ਹੈ। ਰੂਟ ਦੀ ਇਹ ਤਬਦੀਲੀ ਫਿੰਚ ਐਵੀਨਿਊ ‘ਤੇ ਹੋ ਰਹੀ ਉਸਾਰੀ ਦੇ ਕਾਰਨ ਕੀਤੀ ਗਈ ਹੈ, ਕਿਉਂਕਿ ਉੱਥੇ ਇਹ ਦੌੜ ਮੁਸ਼ਕਲਾਂ ਭਰਪੂਰ ਅਤੇ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਇਸ ਦੌੜ ਦੀ ਦੂਸਰੀ ਵੱਡੀ ਤਬਦੀਲੀ ਇਹ ਹੈ ਕਿ ਸਮੇਂ ਦੀ ਕਿੱਲਤ ਕਾਰਨ ਪ੍ਰਬੰਧਕਾਂ ਵੱਲੋਂ ਇਸ ਵਾਰ ਦੌੜਾਕਾਂ ਨੂੰ ਟੀ-ਸ਼ਰਟਾਂ ਮੁਹੱਈਆ ਨਹੀਂ ਕੀਤੀਆਂ ਜਾ ਰਹੀਆਂ। ਉਂਜ ਵੀ ਇਸ ਦੌੜ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਦੌੜਾਕ ਵੱਖ-ਵੱਖ ਦੌੜ-ਕਲੱਬਾਂ ਅਤੇ ਖੇਡ-ਅਦਾਰਿਆਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੀਆਂ ਆਪਣੀਆਂ ਲੋਗੋ ਵਾਲੀਆਂ ਟੀ-ਸ਼ਰਟਾਂ ਹਨ। ਉਹ ਆਪੋ-ਆਪਣੀਆਂ ਕਲੱਬਾਂ ਤੇ ਅਦਾਰਿਆਂ ਦੀਆਂ ਟੀ-ਸ਼ਰਟਾਂ ਜਾਂ ਫਿਰ ਮਨਮਰਜ਼ੀ ਦੀਆਂ ਟੀ-ਸ਼ਰਟਾਂ ਵੀ ਪਹਿਨ ਸਕਦੇ ਹਨ। ਇਹ ਦੱਸਣਾ ਜ਼ਰੂਰੀ ਹੈ ਕਿ ਪ੍ਰਬੰਧਕਾਂ ਵੱਲੋਂ ਦੌੜ ਦਾ ਇਹ ਰੂਟ ਹਾਫ਼-ਮੈਰਾਥਨ ਲਈ ਨਿਰਧਾਰਿਤ ਕੀਤਾ ਗਿਆ ਹੈ ਅਤੇ ਫੁੱਲ-ਮੈਰਾਥਨ ਇਸ ਵਾਰ ਨਹੀਂ ਕਰਵਾਈ ਜਾ ਰਹੀ ਹੈ। ਅਲਬੱਤਾ, ਬੱਚਿਆਂ ਲਈ 1 ਕਿਲੋਮੀਟਰ ਦੌੜ ਅਤੇ ਵੱਡਿਆਂ ਦੀ 5 ਕਿਲੋਮੀਟਰ ਤੇ 12 ਕਿਲੋਮੀਟਰ ਦੌੜ ਤੇ ਵਾੱਕ ਕਿੱਟ ਵਿਚ ਦਰਸਾਏ ਗਏ ਰੂਟਾਂ ਉੱਪਰ ਹੋਣਗੀਆਂ।
ਹੋ ਸਕਦਾ ਹੈ ਕਿ ਟਰੇਲ ਦਾ ਇਹ ਰੂਟ ਕਈ ਦੌੜਾਕਾਂ ਨੂੰ ਵਧੇਰੇ ਪਸੰਦ ਆਵੇ, ਕਿਉਂਕਿ ਸੜਕ ਦੇ ਕਿਨਾਰੇ ਦੌੜਨ ਦੀਆਂ ਆਪਣੀਆਂ ਹੀ ਕਈ ਦਿੱਕਤਾਂ ਹਨ। ਇਸ ਦੇ ਬਾਰੇ ਪ੍ਰਬੰਧਕਾਂ ਵੱਲੋਂ ਇਸ ਵਾਰ ਦੌੜਾਕਾਂ ਦੀ ਪ੍ਰਤੀਕਿਰਿਆ ਲਈ ਜਾਏਗੀ ਅਤੇ ਉਸ ਅਨੁਸਾਰ ਹੀ ਅੱਗੋਂ ਲਈ ਦੌੜ ਦੇ ਰੂਟ ਦੀ ਚੋਣ ਕੀਤੀ ਜਾਏਗੀ। ਹਵਾ ਵਿਚ ਨਮੀ ਹੋਣ ਕਾਰਨ ਉਸ ਦਿਨ ਕਾਫ਼ੀ ਗਰਮੀ ਹੋਣ ਦੀ ਸੰਭਾਵਨਾ ਹੈ। ਇਸ ਲਈ ਇਸ ਤੋਂ ਬਚਾਅ ਲਈ ਪ੍ਰਬੰਧਕਾਂ ਵੱਲੋਂ ਦੌੜਾਕਾਂ ਤੇ ਵਾੱਕਰਾਂ ਨੂੰ ਸਨ-ਸਕਰੀਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੌੜਾਕਾਂ ਤੇ ਵਾੱਕਰਾਂ ਲਈ ਰਸਤੇ ਵਿਚ ਵੱਖ-ਵੱਖ ਵਾਟਰ-ਸਟੇਸ਼ਨਾਂ ‘ਤੇ ਪ੍ਰਬੰਧਕਾਂ ਵੱਲੋਂ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ।