Breaking News
Home / ਕੈਨੇਡਾ / ਕੈਨੇਡਾ ਦੇ ਇਤਿਹਾਸ ਵਿਚ ਪਬਲਿਕ ਟਰਾਂਜ਼ਿਟ ‘ਚ ਸਭ ਤੋਂ ਵੱਡਾ ਨਿਵੇਸ਼ : ਸੋਨੀਆ ਸਿੱਧੂ

ਕੈਨੇਡਾ ਦੇ ਇਤਿਹਾਸ ਵਿਚ ਪਬਲਿਕ ਟਰਾਂਜ਼ਿਟ ‘ਚ ਸਭ ਤੋਂ ਵੱਡਾ ਨਿਵੇਸ਼ : ਸੋਨੀਆ ਸਿੱਧੂ

ਬਰੈਂਪਟਨ : ਪਬਲਿਕ ਟਰਾਂਜ਼ਿਟ ਲੋਕਾਂ ਲਈ ਅਤੀ ਜ਼ਰੂਰੀ ਹੈ। ਇਹ ਆਉਣ-ਜਾਣ ਦੇ ਸਮੇਂ ਨੂੰ ਘਟਾਉਂਦਾ ਹੈ, ਵਾਤਾਵਰਣ ਨੂੰ ਸਾਫ਼ ਰੱਖਦਾ ਹੈ ਅਤੇ ਦੇਸ਼ ਦੇ ਅਰਥਚਾਰੇ ਵਿਚ ਵਾਧਾ ਕਰਦਾ ਹੈ। ਬਹੁਤ ਸਾਰੇ ਕੈਨੇਡਾ-ਵਾਸੀ ਜਿਹੜੇ ਇਸ ਨੂੰ ਵਰਤੋਂ ਵਿਚ ਲਿਆਉਂਦੇ ਹਨ, ਦੇ ਲਈ ਇਹ ਇਕ ਥਾਂ ਤੋਂ ਦੂਸਰੀ ਥਾਂ ਜਾਣ ਲਈ ਆਵਾਜਾਈ ਦਾ ਕਿਫ਼ਾਇਤੀ ਸਾਧਨ ਹੈ। ਹੁਣ ਜਿਉਂ-ਜਿਉਂ ਨਵੇਂ ਘਰ ਹੋਂਦ ਵਿਚ ਆ ਰਹੇ ਹਨ, ਇਨ੍ਹਾਂ ਵਿਚ ਰਹਿਣ ਵਾਲੀਆਂ ਕਮਿਊਨਿਟੀਆਂ ਨੂੰ ਘੱਟ ਤੋਂ ਘੱਟ ਖ਼ਰਚੇ ਨਾਲ ਦੂਸਰਿਆਂ ਦੇ ਨਾਲ ਜੋੜਨ ਲਈ ਇਹ ਸਫ਼ਲ ‘ਕੁੰਜੀ’ ਦਾ ਕੰਮ ਕਰਦਾ ਹੈ। ਏਸੇ ਲਈ ਫ਼ੈੱਡਰਲ ਸਰਕਾਰ ਪਬਲਿਕ ਟਰਾਂਜ਼ਿਟ ਉੱਪਰ 30 ਬਿਲੀਅਨ ਡਾਲਰ ਰਾਸ਼ੀ ਨਿਵੇਸ਼ ਕਰ ਰਹੀ ਹੈ। ਇਸ ਨਾਲ ਹੋਰ ਨੌਕਰੀਆਂ ਪੈਦਾ ਹੋਣਗੀਆਂ, ਹਵਾ ਵਿਚ ਪ੍ਰਦੂਸ਼ਣ ਘਟੇਗਾ ਅਤੇ ਹਰੇਕ ਨੂੰ ਅੱਗੇ ਵੱਧਣ ਦਾ ਮੌਕਾ ਮਿਲੇਗਾ।
ਫ਼ੈੱਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਭਾਰੀ ਨਿਵੇਸ਼ ਦਾ ਸੁਆਗ਼ਤ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”2015 ਤੋਂ ਅਸੀਂ ਦੇਸ਼-ਭਰ ਵਿਚ ਪਬਲਿਕ ਟਰਾਂਜ਼ਿਟ ਲਈ 30 ਬਿਲੀਅਨ ਡਾਲਰ ਦੀ ਵੱਡੀ ਰਾਸ਼ੀ ਨਿਵੇਸ਼ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਇਸ ਵੱਡੇ ਨਿਵੇਸ਼ ਨਾਲ ਕੈਨੇਡਾ ਦੇ ਵੱਡੇ ਸ਼ਹਿਰਾਂ ਵੈਨਕੂਵਰ ਵਿਚ ਮਿਲੇਨੀਅਮ ਬਰੌਡਵੇਅ ਸਬਵੇਅ ਦੇ ਪਸਾਰ ਤੇ ਟੋਰਾਂਟੋ ਦੇ ਫਿੰਚ ਵੈੱਸਟ ਲਾਈਟ ਰੇਲ ਪ੍ਰਾਜੈੱਕਟ ਨੂੰ ਪੂਰਾ ਕਰਨ ਅਤੇ ਪੇਂਡੂ ਏਰੀਏ ਤੇ ਦੂਰ ਨੇੜੇ ਲਈ ਬੱਸ ਸਰਵਿਸ ਵਧਾਉਣ ਵਿਚ ਸਹਾਇਤਾ ਹੋਵੇਗੀ। ਕੈਨੇਡਾ ਦੇ ਇਤਿਹਾਸ ਵਿਚ ਪਬਲਿਕ ਟਰਾਂਜ਼ਿਟ ਲਈ ਕੀਤਾ ਜਾ ਰਿਹਾ ਇਹ ਸੱਭ ਤੋਂ ਵੱਡਾ ਨਿਵੇਸ਼ ਹੈ ਜੋ ਆਉਂਦੇ 10 ਸਾਲਾਂ ਵਿਚ ਕੀਤਾ ਜਾਏਗਾ ਅਤੇ ਹਰੇਕ ਸਾਲ ਵਿਚ 3 ਬਿਲੀਅਨ ਡਾਲਰ ਦੀ ਰਾਸ਼ੀ ਖ਼ਰਚ ਕੀਤੀ ਜਾਏਗੀ। ਇਸ ਦੇ ਨਾਲ ਹੀ ਅਸੀਂ ਇਹ ਵੀ ਭਲੀ-ਭਾਂਤ ਜਾਣਦੇ ਹਾਂ ਕਿ ਬੇਹਤਰ ਪਬਲਿਕ ਟਰਾਂਜ਼ਿਟ ਸੇਵਾਵਾਂ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ।” ਫ਼ੈੱਡਰਲ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਵੱਡੀ ਫ਼ੰਡਿੰਗ ਤਿੰਨ ਤਰੀਕਿਆਂ ਨਾਲ ਹੋਵੇਗੀ। ਇਨ੍ਹਾਂ ਵਿਚ ਮਿਊਨਿਸਿਪਲਿਟੀਆਂ ਨਾਲ ਮੈਟਰੋ ਰੀਜਨ-ਐਗਰੀਮੈਂਟਸ, ਕੈਨੇਡਾ ਪਬਲਿਕ ਟਰਾਂਜ਼ਿਟ ਬੇਸਲਾਈਨ ਫ਼ੰਡਿੰਗ ਅਤੇ ਟਾਰਗਿਟ ਫ਼ੰਡਿੰਗ ਸ਼ਾਮਲ ਹਨ। ਪਬਲਿਕ ਟਰਾਂਜ਼ਿਟ ਵਿਚ ਨਿਵੇਸ਼ ਕਰਕੇ ਕਮਿਊਨਿਟੀਆਂ ਨੂੰ ਆਪਸ ਵਿਚ ਜੋੜਨ ਅਤੇ ਉਨ੍ਹਾਂ ਦੇ ਲਈ ਆਸਾਨੀ ਨਾਲ ਇਕ ਥਾਂ ਤੋਂ ਦੂਸਰੀ ਥਾਂ ਜਾਣ-ਆਉਣ ਲਈ ਕਿਫ਼ਾਇਤੀ ਸਾਧਨਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਹ ਇੱਥੇ ਹਰੇਕ ਪੀੜ੍ਹੀ ਲਈ ਸੁਖਦਾਈ ਹੋਵੇਗਾ। ਇਸ ਦੇ ਨਾਲ ਹੀ ਲਾਲ ਫ਼ੀਤਾ-ਸ਼ਾਹੀ ਨੂੰ ਘੱਟ ਕਰਨ, ਨਵੇਂ ਘਰ ਬਨਾਉਣ, ਇਨਫ਼ਰਾਸਟਰੱਕਚਰ ਦੇ ਨਵੀਨੀਕਰਨ ਅਤੇ ਅਰਥਚਾਰੇ ਨੂੰ ਹੋਰ ਅੱਗੇ ਵਧਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …