Breaking News
Home / ਕੈਨੇਡਾ / ਪੈਰਿਟੀ ਸੀਨੀਅਰ ਕਲੱਬ ਵਲੋਂ ਕੈਨੇਡਾ ਦਿਵਸ ਦੇ ਜਸ਼ਨ

ਪੈਰਿਟੀ ਸੀਨੀਅਰ ਕਲੱਬ ਵਲੋਂ ਕੈਨੇਡਾ ਦਿਵਸ ਦੇ ਜਸ਼ਨ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਪੈਰਿਟੀ ਰੋਡ ਦੇ ਆਸ ਪਾਸ ਰਹਿੰਦੇ ਬਜ਼ੁਰਗਾਂ ਦੀ ਪੈਰਿਟੀ ਸੀਨੀਅਰ ਕਲੱਬ ਵਲੋਂ ਇੱਕ ਜੁਲਾਈ ਨੂੰ ਕੈਨੇਡਾ ਦਿਵਸ, ਜਿਸ ਨੂੰ ਕੈਨੇਡਾ ਦਾ ਜਨਮ ਦਿਨ ਵੀ ਮੰਨਿਆਂ ਜਾਂਦਾ ਹੈ, ਪੈਰਿਟੀ ਰੋਡ ‘ਤੇ ਸਥਿਤ, ਜੈਨਿੰਗ ਪਾਰਕ ਨੰਬਰ 49 ਵਿਚ ਮਨਾਇਆ ਗਿਆ। ਪ੍ਰੋਗਰਾਮ ਕੈਨੇਡਾ ਦੇ ਕੌਮੀ ਗੀਤ ਨਾਲ ਸ਼ੁਰੂ ਹੋਇਆ। ਇਸ ਮੌਕੇ 105 ਸਾਲ ਦੇ ਸੂਬੇਦਾਰ ਗੁਰਦਿਆਲ ਸਿੰਘ ਗਰੇਵਾਲ, 90 ਸਾਲ ਦੀ ਅਜਮੇਰ ਕੌਰ ਭੁੱਲਰ ਅਤੇ ਸਮਾਜ ਸੇਵੀ ਦਲਬੀਰ ਸਿੰਘ ਕੰਬੋਜ ਨੂੰ ਸਨਮਾਨਿਤ ਕੀਤਾ ਗਿਆ।
ਇੰਗਲੈਂਡ ਦੀ ਪਾਰਲੀਮੈਂਟ ਨੇ 1867 ਵਿਚ ਕਾਨੂੰਨ ਬਣਾ ਕੇ, ਕੈਨੇਡਾ ਪ੍ਰੋਵਿੰਸ (ਓਨਟਾਰੀਓ ਅਤੇ ਕਿਊਬਿਕ), ਨੋਵਾ ਸਕੋਸ਼ ਅਤੇ ਨਿਊ ਬਰੂੰਸਵਿਕ ਨੂੰ ਇਕੱਠਾ ਕਰਕੇ ਕੈਨੇਡਾ ਦੇਸ਼ ਬਣਾਇਆ, ਜਿਸ ਵਿਚ ਬਾਅਦ ਵਿਚ ਹੋਰ ਸੂਬੇ ਰਲਦੇ ਗਏ ਅਤੇ ਅਜੋਕਾ ਕੈਨੇਡਾ ਹੋਂਦ ਵਿਚ ਆਇਆ। ਕੁਝ ਸਾਲਾਂ ਮਗਰੋਂ ਇਸ ਦਿਨ ਨੂੰ ਕੈਨੇਡਾ ਡੇਅ ਦੇ ਤੌਰ ‘ਤੇ ਮਨਾਇਆ ਜਾਣ ਲੱਗਾ। ਪ੍ਰੋਗਰਾਮ ਗੁਰੁ ਤੇਗ ਬਹਾਦਰ ਸਕੂਲ ਦੇ ਬੱਚਿਆਂ ਵਲੋਂ ਕੈਨੇਡਾ ਦਾ ਰਾਸ਼ਟਰੀ ਗੀਤ, ਓ ਕਨੇਡਾ, ਜੋ ਪ੍ਰਿੰਸੀਪਲ ਸੰਜੀਵ ਧਵਨ ਅਤੇ ਉਨ੍ਹਾਂ ਦੇ ਸਟਾਫ ਨੇ ਤਿਆਰ ਕਰਵਾਇਆ ਸੀ, ਦੇ ਗਾਉਣ ਨਾਲ ਸ਼ੁਰੂ ਹੋਇਆ। ਡਾ ਬਲਜਿੰਦਰ ਸੇਖੋਂ ਨੇ ਕੈਨੇਡਾ ਡੇਅ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਇਹ ਦੇਸ਼ ਪਰਵਾਸੀਆਂ ਦਾ ਦੇਸ਼ ਹੈ। ਸਭ ਤੋਂ ਪਹਿਲੇ ਪਰਵਾਸੀ 15000 ਸਾਲ ਪਹਿਲਾਂ, ਸੀਤ ਯੁਗ ਦੇ ਸਿਖਰ ਤੇ ਜਦ ਬਰੈਂਪਟਨ ਵਾਲੇ ਥਾਂ ਤਕਰੀਬਨ ਦੋ ਕਿਲੋਮੀਟਰ ਉੱਚੀ ਬਰਫ਼ ਦੀ ਤਹਿ ਵਿਛੀ ਹੋਈ ਸੀ, ਸਮੁੰਦਰਾਂ ਦਾ ਪਾਣੀ ਅੱਜ ਨਾਲੋਂ ਕੋਈ 400 ਫੁੱਟ ਨੀਵਾਂ ਹੋਣ ਕਾਰਨ ਸਾਈਬੇਰੀਆ ਅਤੇ ਅਲਾਸਕਾ ਦਰਮਿਆਨ ਅਜੋਕੇ ਸਮੁੰਦਰ ਦੀ ਥਾਂ ਧਰਤੀ ਸੀ, ਸਾਇਬੇਰੀਆ ਵਲੋਂ ਆਏ ਅਤੇ ਹੌਲੀ ਹੌਲੀ ਸਾਰੇ ਅਮਰੀਕਾ ਮਹਾਂਦੀਪ ਵਿਚ ਫੈਲ ਗਏ। ਕੋਲੰਬਸ ਦੇ ਇਸ ਮਹਾਂਦੀਪ ਨੂੰ ਲੱਭਣ ਬਾਅਦ ਪਹਿਲਾਂ ਯੂਰਪ ਤੋਂ ਅਤੇ ਬਾਅਦ ਵਿਚ ਤਕਰੀਬਨ ਸਾਰੀ ਦੁਨੀਆਂ ਦੇ ਦੇਸ਼ਾਂ ਵਿਚੋਂ ਆਏ ਲੋਕ ਕਨੇਡਾ ਦੇ ਵਸਨੀਕ ਬਣੇ।
ਇਸ ਮੌਕੇ ਸੂਬੇਦਾਰ ਗੁਰਦਿਆਲ ਸਿੰਘ ਗਰੇਵਾਲ ਜਿਨ੍ਹਾਂ ਦੀ ਉਮਰ ਇਸ ਵੇਲੇ 105 ਸਾਲ ਦੀ ਹੈ ਨੂੰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵਲੋਂ ਸਨਮਾਨਿਤ ਕੀਤਾ ਗਿਆ। ਸਮਾਜ ਸੇਵੀ, ਦਲਬੀਰ ਸਿੰਘ ਕੰਬੋਜ ਨੂੰ ਉਨ੍ਹਾਂ ਦੇ ਬਰੈਂਪਟਨ ਲਈ ਯੁਨਵਿਰਸਿਟੀ ਅਤੇ ਹਸਪਤਾਲ ਦੀ ਮੰਗ ਲਈ ਕੀਤੇ ਉਦਮਾਂ ਲਈ ਐਮ ਪੀ ਪੀ ਅਮਰਜੋਤ ਸੰਧੂ ਨੇ ਅਤੇ ਉਸ ਸਮੇਂ ਮੌਜੂਦ ਸਭ ਤੋਂ ਵਡੇਰੀ ਉਮਰ ਦੀ ਮਾਤਾ ਅਜਮੇਰ ਕੌਰ ਭੁਲਰ ਨੂੰ ਕਨੇਡਾ ਵਿਚ ਪਿੰਗਲਵਾੜੇ ਦੀ ਇੰਨਚਾਰਜ ਬੀਬੀ ਅਭਿਨਾਸ਼ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੇਅਰ ਪੈਟਰਿਕ ਬਰਾਊਨ, ਉਨ੍ਹਾਂ ਦੇ ਪੀਏ ਕੁਲਦੀਪ ਸਿੰਘ ਉਰਫ ਗੋਲੀ ਤੋਂ ਇਲਾਵਾ, ਵਾਰਡ 1 ਅਤੇ 5 ਦੇ ਰਿਜ਼ਨਲ ਕੌਂਸਲਰ, ਰਵੀਨਾ ਸੈਨਤੋਸ ਅਤੇ ਪਾਲ ਵਿਨਸੈਂਟ ਵੀ ਮੌਜੂਦ ਸਨ। ਇਹ ਪ੍ਰੋਗਰਾਮ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਅਤੇ ਕਾਰਜਕਰਨੀ ਮੈਂਬਰਾਂ, ਜਸਵੰਤ ਸਿੰਘ, ਗਿਆਨ ਸਿੰਘ, ਸੁਰਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਬੜਾ ਹੀ ਕਾਮਯਾਬ ਹੋ ਨਿਬੜਿਆ। ਪ੍ਰਧਾਨ ਕੈਪਟਨ ਇਕਬਾਲ ਸਿੰਘ ਵਿਰਕ ਨੇ ਸਾਰਿਆਂ ਦਾ ਪ੍ਰੋਗਰਾਮ ਵਿਚ ਆਉਣ ਲਈ ਧੰਨਵਾਦ ਕੀਤਾ।

Check Also

ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ

ਟੋਰਾਂਟੋ ਪੀਅਰਸਨ ਨੇ ‘ਹੈਲਦੀ ਏਅਰਪੋਰਟ’ ਨਾਂ ਦਾ ਇਕ ਪ੍ਰੋਗਰਾਮ ਅਪਣਾਇਆ ਹੈ, ਜਿਸ ਦਾ ਮਕਸਦ ਏਅਰ …