14.4 C
Toronto
Sunday, September 14, 2025
spot_img
Homeਕੈਨੇਡਾਬਰੈਂਪਟਨ 'ਚ ਗੋਰ ਸੀਨੀਅਰਜ਼ ਕਲੱਬ ਵਲੋਂ ਬਾਬਾ ਸੀਚੇਵਾਲ ਦਾ ਸਨਮਾਨ

ਬਰੈਂਪਟਨ ‘ਚ ਗੋਰ ਸੀਨੀਅਰਜ਼ ਕਲੱਬ ਵਲੋਂ ਬਾਬਾ ਸੀਚੇਵਾਲ ਦਾ ਸਨਮਾਨ

ਸੀਚੇਵਾਲ ਦੀ ਸਮਾਜ ਨੂੰ ਵੱਡੀ ਦੇਣ : ਪ੍ਰਧਾਨ ਸੁਖਦੇਵ ਸਿੰਘ ਗਿੱਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ
ਬਰੈਂਪਟਨ ‘ਚ ਗੋਰ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪਿਛਲੇ ਦਿਨੀਂ ਪੰਜਾਬ ਤੋਂ ਕੈਨੇਡਾ ਫੇਰੀ ‘ਤੇ ਆਏ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ‘ਤੇ ਬਾਬਾ ਸੀਚੇਵਾਲ ਨੂੰ ਕਲੱਬ ਵਲੋਂ 1100 ਡਾਲਰ ਦੀ ਸਹਾਇਤਾ ਭੇਟ ਕੀਤੀ ਗਈ ਤਾਂ ਕਿ ਉਨ੍ਹਾਂ ਨੂੰ ਸਮਾਜ ਭਲਾਈ ਦੇ ਆਪਣੇ ਕਾਰਜ ਅੱਗੇ ਤੋਰਨ ਵਿੱਚ ਮਦਦ ਮਿਲੇ। ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਪਦਮ ਸ੍ਰੀ ਬਾਬਾ ਸੀਚੇਵਾਲ ਨੂੰ ‘ਜੀ ਆਇਆਂ ਨੂੰ’ ਆਖਿਆ, ਕਲੱਬ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਬਾਬਾ ਜੀ ਨੇ ਸੁਲਤਾਨਪੁਰ ਲੋਧੀ ਅਤੇ ਸੀਚੇਵਾਲ ਇਲਾਕੇ ਨੂੰ ਸਾਫ ਰੱਖਣ ਲਈ ਅਤੇ ਵਿਦਿਆ ਦੇ ਖੇਤਰ ਵਿੱਚ ਸਮਾਜ ਦੀ ਦਿਲੋਂ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸੀਚੇਵਾਲ਼ ਦੀ ਭਾਰਤੀ ਸਮਾਜ ਨੂੰ ਸੇਵਾ ਦੀ ਵੱਡੀ ਦੇਣ ਹੈ। ਬਾਬਾ ਸੀਚੇਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਵੱਡੇ ਪੱਧਰ ‘ਤੇ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਐਨ.ਆਰ.ਆਈ ਸੰਗਤ ਨੂੰ ਹੁੰਮਹੁਮਾ ਪੁੱਜਣ ਦੀ ਅਪੀਲ ਕੀਤੀ। ਉਪਰੰਤ ਨਾਮਵਰ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਸੰਬੋਧਨ ਕੀਤਾ ਅਤੇ ਦੱਸਿਆ ਕਿ ਬਾਬਾ ਸੀਚੇਵਾਲ ਦੇ ਕੀਤੇ ਕਾਰਜਾਂ ਨੂੰ ਦੇਖ ਕੇ ਮਨ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿੰਦਾ। ਜੌਹਲ ਨੇ ਦੱਸਿਆ ਕਿ ਲਗਨ ਅਤੇ ਮਿਹਨਤ ਨਾਲ਼ ਪੰਜਾਬ ਦੀ ਹੋਣੀ ਸੰਵਾਰਨ ਪ੍ਰਤੀ ਬਾਬਾ ਸੀਚੇਵਾਲ ਲੰਬੇ ਸਮੇਂ ਤੋਂ ਯਤਨਸ਼ੀਲ ਹਨ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਣਾ ਚਾਹੀਦਾ ਹੈ। ਗੋਰ ਸੀਨੀਅਰਜ਼ ਕਲੱਬ ਦੇ ਜਨਰਲ ਸਕੱਤਰ ਅਤੇ ਡੌਨ ਮਿਨਕਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਨੇ ਸੰਬੋਧਨ ਕਰਦਿਆਂ ਸਭ ਦਾ ਧੰਨਵਾਦ ਕੀਤਾ ਅਤੇ ਬਾਬਾ ਸੀਚੇਵਾਲ ਨੂੰ ਆਪਣੇ ਕਾਰਜ ਕਰਦੇ ਰਹਿਣ ਦੀ ਬੇਨਤੀ ਕੀਤੀ। ਪ੍ਰਧਾਨ ਗਿੱਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ। ਇਸ ਮੌਕੇ ‘ਤੇ ਕਲੱਬ ਦੇ ਕੈਸ਼ੀਅਰ ਨਛੱਤਰ ਸਿੰਘ ਧਾਲੀਵਾਲ, ਡਾਇਰੈਕਟਰ ਰਾਮ ਪ੍ਰਕਾਸ਼ ਪਾਲ, ਉਜਾਗਰ ਸਿੰਘ ਗਿੱਲ, ਭਗਵਾਨ ਦਾਸ, ਮਨਜੀਤ ਸਿੰਘ ਢੇਸੀ, ਮੇਜਰ ਸਿੰਘ ਸਾਂਧਰਾ ਵੀ ਹਾਜ਼ਿਰ ਸਨ ਅਤੇ ਪੂਰੇ ਸਮਾਗਮ ਦੌਰਾਨ ਭਰਵੀਂ ਹਾਜ਼ਰੀ ਬਣੀ ਰਹੀ। ਕਲੱਬ ਵਲੋਂ ਚਾਹ, ਜਲ ਨਾਲ਼ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਸੀ। ਕਲੱਬ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਲੈਣ ਲਈ ਪ੍ਰਧਾਨ ਗਿੱਲ ਦਾ ਟੈਲੀਫੋਨ ਨੰਬਰ 416 602 5499 ਹੈ।

RELATED ARTICLES
POPULAR POSTS