Breaking News
Home / ਕੈਨੇਡਾ / 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਫ਼ਾਰਮਰਜ਼ ਸਪੋਰਟ ਕਮੇਟੀ ਵੱਲੋਂ ਬਰੈਂਪਟਨ ਵਿਚ ਰੈਲੀ

23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਫ਼ਾਰਮਰਜ਼ ਸਪੋਰਟ ਕਮੇਟੀ ਵੱਲੋਂ ਬਰੈਂਪਟਨ ਵਿਚ ਰੈਲੀ

ਬਰੈਂਪਟਨ/ਡਾ. ਝੰਡ : ਭਾਰਤ ਦੇ ਸੰਘਰਸ਼ਮਈ ਕਿਸਾਨਾਂ ਦੀ ਹਮਾਇਤ ਵਿਚ ਜੀਟੀਏ ਵਿਚ ਸਰਗ਼ਰਮ ਫ਼ਾਰਮਰਜ਼ ਸਪੋਰਟ ਗਰੁੱਪ ਵੱਲੋਂ ਬਰੈਂਪਟਨ ਦੇ ઑਸ਼ੌਪਰਜ਼ ਵਰਲਡ਼ ਚੌਂਕ ਵਿਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਕਰੋਨਾ ਦੇ ਅਜੋਕੇ ਤੀਸਰੇ ਦੌਰ ਦੇ ਚੱਲ ਰਹੇ ਪ੍ਰਕੋਪ ਕਾਰਨ ਬੇਸ਼ਕ ਇਸ ਰੈਲੀ ਵਿਚ ਹਾਜ਼ਰ ਲੋਕਾਂ ਦੀ ਗਿਣਤੀ ਸੀਮਤ ਸੀ ਅਤੇ ਇਸ ਦੌਰਾਨ ਕੋਵਿਡ-19 ਨਾਲ ਸਬੰਧਿਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ, ਪਰ ਇਸ ਵਿਚ ਸ਼ਾਮਲ ਹੋਣ ਵਾਲਿਆਂ ਦੇ ਉਤਸ਼ਾਹ ਅਤੇ ਜੋਸ਼ ਵਿਚ ਕੋਈ ਕਮੀ ਨਹੀਂ ਸੀ।
ਇਹ ਰੈਲੀ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮਹਾਨ ਕੁਰਬਾਨੀ ਨੂੰ ਸਮੱਰਪਿਤ ਸੀ ਅਤੇ ਨਾਲ ਹੀ ਇਸ ਦਾ ਉਦੇਸ਼ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਵਿਚ ਇਕਮੁੱਠਤਾ ਪ੍ਰਗਟ ਕਰਨਾ ਵੀ ਸੀ, ਕਿਉਂਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਵਿਚਾਰਧਾਰਾ ਸੀ ਕਿ ਲੁੱਟ-ਖਸੁੱਟ ਤੋਂ ਆਜ਼ਾਦ ਸਮਾਜ ਦੀ ਸਿਰਜਣਾ ਹੋਣੀ ਚਾਹੀਦੀ ਹੈ ਅਤੇ ਕਿਸਾਨਾਂ ਦੇ ਵਰਤਮਾਨ ਸੰਘਰਸ਼ ਦਾ ਉਦੇਸ਼ ਵੀ ਇਹੀ ਹੈ। ਇਹ ਰੈਲੀ ਇਸ ਚੌਂਕ ਵਿਚ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਇਹ ਸ਼ਹੀਦ ਸੂਰਮੇ ਇਲਮ ਨੂੰ ਅਮਲ ਵਿਚ ਬਦਲਣ ਵਿਚ ਯਕੀਨ ਰੱਖਦੇ ਸਨ ਅਤੇ ਉਨ੍ਹਾਂ ਨੂੰ ਯਾਦ ਕਰਨ ਲਈ ਰੈਲੀ ਵੀ ਕਿਸੇ ਖੁੱਲ੍ਹੇ ਥਾਂ ‘ઑਤੇ ਹੀ ਹੋਣੀ ਚਾਹੀਦੀ ਹੈ। ਇਸ ਰੈਲੀ ਦਾ ਨਾਂ ‘ਸ਼ਹੀਦਾਂ ਦੀ ਪੁਕਾਰ – ਕਿਸਾਨਾਂ ਦੀ ਲਲਕਾਰ’ ਰੱਖਿਆ ਗਿਆ ਸੀ। ਇੱਥੇ ਇਹ ਯਾਦ ਕਰਾਉਣਾ ਵੀ ਬਣਦਾ ਹੈ ਕਿ 13 ਜਨਵਰੀ ਨੂੰ ਲੋਹੜੀ ਵਾਲਾ ਦਿਨ ‘ਲੋਹੜੀ ਬਾਲ਼ – ਕਿਸਾਨਾਂ ਨਾਲ’ ਵੀ ਏਸੇ ਚੌਂਕ ਵਿਚ ਹੀ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਮਨਾਇਆ ਗਿਆ ਸੀ ਜਿਸ ਵਿਚ ਲੱਗਭੱਗ 500 ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਸੀ। ਰੈਲੀ ਵਿਚ ਸ਼ਾਮਲ ਹੋਣ ਵਾਲਿਆਂ ਨੇ ਇੱਥੇ ਏਸੇ ਕਿਸਮ ਦੇ ਨਾਅਰੇ ਲਾਉਂਦਿਆਂ ਹੋਇਆਂ ਹੱਥਾਂ ਵਿਚ ਪਲੇਅ-ਕਾਰਡ ਫੜੇ ਹੋਏ ਸਨ ਅਤੇ ਰਾਹਗੀਰ ਕਾਰਾਂ ਤੇ ਟਰੱਕਾਂ ਦੇ ਹਾਰਨ ਮਾਰ-ਮਾਰ ਕੇ ਇਸ ਰੈਲੀ ਦੀ ਸਪੋਰਟ ਕਰ ਰਹੇ ਸਨ।
ਰੈਲੀ ਸੰਬੋਧਨ ਕਰਨ ਵਾਲਿਆਂ ਵਿਚ ਇੰਜੀ. ਹਰਜੀਤ ਸਿੰਘ ਗਿੱਲ, ਬਲਦੇਵ ਸਿੰਘ ਬਰਾੜ, ਪਰਮਜੀਤ ਸਿੰਘ ਬੜਿੰਗ, ਸਾਹਿਬ ਸਿੰਘ ਰਾਣਾ, ਹਰਪਰਮਿੰਦਰ ਸਿੰਘ ਗ਼ਦਰੀ, ਸਰਬਜੀਤ ਕੌਰ ਕਾਹਲੋਂ ਅਤੇ ਹਰਿੰਦਰ ਸਿੰਘ ਹੁੰਦਲ ਸ਼ਾਮਲ ਸਨ। ਰੈਲੀਕਾਰਾਂ ਨੂੰ ਇਸ ਮੌਕੇ ਪਾਕਿਸਤਾਨੀ ਪ੍ਰਾਗਰੈੱਸਿਵ ਗਰੁੱਪ ਵੱਲੋਂ ਕਾਮਰੇਡ ਉਮਰ ਲਤੀਫ਼ ਵੱਲੋਂ ਵੀ ਸੰਬੋਧਨ ਕੀਤਾ ਗਿਆ। ਬੁਲਾਰਿਆਂ ਨੂੰ ਵਾਰੀ-ਸਿਰ ਬੁਲਾਉਣ ਦੀ ਜ਼ਿੰਮੇਵਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ।

 

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …