Breaking News
Home / ਦੁਨੀਆ / ਪਾਕਿ ਦੀਆਂ ਜੇਲ੍ਹਾਂ ‘ਚ ਕੈਦ ਹਨ 500 ਤੋਂ ਵੱਧ ਭਾਰਤੀ

ਪਾਕਿ ਦੀਆਂ ਜੇਲ੍ਹਾਂ ‘ਚ ਕੈਦ ਹਨ 500 ਤੋਂ ਵੱਧ ਭਾਰਤੀ

ਭਾਰਤੀ ਕੈਦੀਆਂ ‘ਚ ਜ਼ਿਆਦਾਤਰ ਮਛੇਰੇ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਇਸ ਸਮੇਂ 500 ਤੋਂ ਵੱਧ ਭਾਰਤੀ ਬੰਦ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਮਛੇਰਿਆਂ ਦੀ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਵੱਖ ਵੱਖ ਮੁਲਕਾਂ ਦੇ 996 ਨਾਗਰਿਕ ਬੰਦ ਹਨ, ਜਿਨ੍ਹਾਂ ਵਿਚੋਂ 527 ਭਾਰਤੀ ਹਨ। ਇਹ ਵਿਅਕਤੀ ਅੱਤਵਾਦ, ਕਤਲ, ਨਸ਼ਾ ਤਸਕਰੀ ਤੇ ਗ਼ੈਰਕਾਨੂੰਨੀ ਢੰਗ ਨਾਲ ਪਾਕਿਸਤਾਨ ਅੰਦਰ ਦਾਖਲ ਹੋਣ ਸਮੇਤ ਵੱਖ-ਵੱਖ ਅਪਰਾਧਾਂ ਤਹਿਤ ਜੇਲ੍ਹਾਂ ਵਿਚ ਬੰਦ ਹਨ। ਭਾਰਤੀ ਕੈਦੀਆਂ ਵਿਚ ਵੱਡੀ ਗਿਣਤੀ ਮਛੇਰਿਆਂ ਦੀ ਹੈ, ਜਿਨ੍ਹਾਂ ਨੂੰ ਅਰਬ ਸਾਗਰ ‘ਚੋਂ ਪਾਕਿਸਤਾਨ ਦੇ ਅਧਿਕਾਰ ਖੇਤਰ ਵਾਲੇ ਪਾਣੀ ਅੰਦਰ ਦਾਖਲ ਹੋਣ ‘ਤੇ ਫੜਿਆ ਗਿਆ ਹੈ।
ਅਰਬ ਸਾਗਰ ਵਿਚ ਕੋਈ ਸਪੱਸ਼ਟ ਜਲ ਸਰਹੱਦ ਨਾ ਹੋਣ ਕਾਰਨ ਭਾਰਤ ਤੇ ਪਾਕਿਸਤਾਨ ਵੱਲੋਂ ਆਮ ਹੀ ਦੋਵਾਂ ਮੁਲਕਾਂ ਦੇ ਮਛੇਰਿਆਂ ਨੂੰ ਆਪੋ-ਆਪਣੀ ਹੱਦ ਅੰਦਰ ਦਾਖਲ ਹੋਣ ਦੇ ਦੋਸ਼ ਹੇਠ ਫੜ ਲਿਆ ਜਾਂਦਾ ਹੈ। ਪਿਛਲੇ ਮਹੀਨੇ ਪਾਕਿਸਤਾਨ ਤੱਟ ਰੱਖਿਆ ਏਜੰਸੀ ਵੱਲੋਂ 55 ਭਾਰਤੀ ਮਛੇਰੇ ਫੜੇ ਗਏ ਹਨ।
ਦੂਜੇ ਪਾਸੇ ਵਿਦੇਸ਼ ਮੰਤਰਾਲੇ ਵੱਲੋਂ ਪਿਛਲੇ ਦਿਨੀਂ ਲਾਹੌਰ ਹਾਈਕੋਰਟ ਵਿਚ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਦੁਨੀਆਂ ਦੇ ਸੌ ਮੁਲਕਾਂ ਦੀਆਂ ਜੇਲ੍ਹਾਂ ਅੰਦਰ ਪਾਕਿਸਤਾਨ ਦੇ 9,476 ਨਾਗਰਿਕ ਬੰਦ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪਾਕਿਸਤਾਨੀ ਸਾਊਦੀ ਅਰਬ ਤੇ ਯੂਏਈ ਦੀਆਂ ਜੇਲ੍ਹਾਂ ਵਿਚ ਬੰਦ ਹਨ।
ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਤਾ ਨੂੰ ਮਿਲਿਆ ਪਾਕਿ ਦਾ ਵੀਜ਼ਾ
ਇਸਲਾਮਾਬਾਦ : ਪਾਕਿਸਤਾਨ ਨੇ ਕੁਲਭੂਸ਼ਣ ਜਾਧਵ (47) ਦੀ ਪਤਨੀ ਅਤੇ ਮਾਤਾ ਨੂੰ ਇਸਲਾਮਾਬਾਦ ਦੌਰੇ ਲਈ ਵੀਜ਼ਾ ਜਾਰੀ ਕਰ ਦਿੱਤਾ ਹੈ। ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਟਵੀਟ ਕਰਕੇ ਦੱਸਿਆ, ”ਦਿੱਲੀ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਕਮਾਂਡਰ ਜਾਧਵ ਨਾਲ ਮੁਲਾਕਾਤ ਲਈ ਉਸ ਦੀ ਮਾਂ ਅਤੇ ਪਤਨੀ ਨੂੰ ਇਸਲਾਮਾਬਾਦ ਲਈ ਵੀਜ਼ੇ ਜਾਰੀ ਕਰ ਦਿੱਤੇ ਹਨ।” ਪਾਕਿਸਤਾਨ ਨੇ ਜਾਧਵ ਨਾਲ 25 ਦਸੰਬਰ ਨੂੰ ਇਸਲਾਮਾਬਾਦ ਵਿਚ ਮੁਲਾਕਾਤ ਕਰਾਉਣ ਦੀ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਹੇਠ ਅਪਰੈਲ ਵਿਚ ਸਜ਼ਾ-ਏ-ਮੌਤ ਸੁਣਾਈ ਸੀ। ਭਾਰਤ ਵੱਲੋਂ ਕੌਮਾਂਤਰੀ ਨਿਆਂ ਅਦਾਲਤ ਵਿਚ ਮਸਲਾ ਪੇਸ਼ ਕੀਤੇ ਜਾਣ ਮਗਰੋਂ ਜਾਧਵ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਗਈ ਸੀ।
ਪਾਕਿਸਤਾਨੀ ਬੱਚੇ ਜਾਵੇਦ ਹੁਸੈਨ ਦੇ ਮਾਪਿਆਂ ਨੂੰ ਵੀ ਮਿਲਿਆ ਭਾਰਤ ਦਾ ਵੀਜ਼ਾ
ਸੱਤ ਮਹੀਨਿਆਂ ਤੋਂ ਫਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਤਸਾਨੀ ਬੱਚੇ ਜਾਵੇਦ ਹੁਸੈਨ ਇਕਬਾਲ ਦੇ ਮਾਪਿਆਂ ਨੂੰ ਭਾਰਤ ਸਰਕਾਰ ਨੇ ਵਾਹਗਾ ਬਾਰਡਰ ਰਾਹੀਂ ਭਾਰਤ ਆਉਣ ਲਈ ਵੀਜ਼ਾ ਦੇ ਦਿੱਤਾ ਹੈ। ਜਾਵੇਦ ਹੁਸੈਨ ਦੀ ਮਾਂ ਇਸ਼ਰਤ ਬੀਬੀ ਅਤੇ ਪਿਤਾ ਇਕਬਾਲ ਹੁਸੈਨ 22 ਦਸੰਬਰ ਨੂੰ ਵਾਹਗਾ ਬਾਰਡਰ ‘ਤੇ ਜਾਵੇਦ ਹੁਸੈਨ ਦੀ ਸ਼ਨਾਖਤ ਕਰਨਗੇ। ਜੇਕਰ ਉਨ੍ਹਾਂ 22 ਦਸੰਬਰ ਨੂੰ ਆਪਣੇ ਲੜਕੇ ਨੂੰ ਪਹਿਚਾਣ ਲਿਆ ਤਾਂ ਉਸੇ ਦਿਨ ਜਾਵੇਦ ਹੁਸੈਨ ਨੂੰ ਪਾਕਿਸਤਾਨ ਦਾ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ। ਵਿਦੇਸ਼ ਵਿਭਾਗ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ 22 ਦਸੰਬਰ ਨੂੰ ਜਾਵੇਦ ਹੁਸੈਨ ਨੂੰ ਵਾਹਗਾ ਬਾਰਡਰ ‘ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਸਾਹਮਣੇ ਪੇਸ਼ ਕੀਤਾ ਜਾਵੇ। ਇਸ ਹਦਾਇਤ ਤੋਂ ਬਾਅਦ ਜਾਵੇਦ ਹੁਸੈਨ ਦੀ ਵਾਹਗਾ ਫੇਰੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇੱਕ ਦਿਨ ਪਹਿਲਾਂ ਹੀ ਜੁਵੇਨਾਇਲ ਜਸਟਿਸ ਬੋਰਡ ਨੇ ਜਾਵੇਦ ਹੁਸੈਨ ਖ਼ਿਲਾਫ਼ ਦਰਜ ਕੇਸ ਵਿਚੋਂ ਉਸ ਨੂੰ ਬਰੀ ਕਰ ਦਿੱਤਾ। ਭਾਰਤ ਸਰਕਾਰ 30 ਦਸੰਬਰ ਤੋਂ ਪਹਿਲਾਂ ਜਾਵੇਦ ਹੁਸੈਨ ਨੂੰ ਉਸ ਦੇ ਮੁਲਕ ਵਾਪਸ ਭੇਜਣਾ ਚਾਹੁੰਦੀ ਹੈ।
ਫਰੀਦਕੋਟ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ
ਫਰੀਦਕੋਟ/ਬਿਊਰੋ ਨਿਊਜ਼ : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦੇ 27 ਸਾਲਾ ਨੌਜਵਾਨ ਦੀ ਮਨੀਲਾ ਦੇ ਸ਼ਹਿਰ ਤਮੂਹੰਗ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੈਪੀ ਢਿੱਲੋਂ ਪਿੰਡ ਵਾਂਦਰ ਜਟਾਣਾ ਦਾ ਵਸਨੀਕ ਸੀ। ਉਹ ਨੌਂ ਵਰ੍ਹੇ ਪਹਿਲਾਂ ਕੰਮਕਾਰ ਲਈ ਮਨੀਲਾ ਗਿਆ ਸੀ। ਹੈਪੀ ਦੇ ਚਰੇਰੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਮਨੀਲਾ ਵਿੱਚ ਫਾਈਨਾਂਸ ਦਾ ਕੰਮ ઠਕਰਦਾ ਸੀ। ਉਹ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

Check Also

ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਆਸਟਰੇਲੀਆ ’ਚ ਲੱਗੇਗੀ ਪਾਬੰਦੀ

ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ …