ਹੰਸਲੋ ਕੌਂਸਲ ਚੋਣਾਂ :ਪਹਿਲੀ ਵਾਰ ਜਿੱਤੇ ਵਿਕਰਮ ਸਿੰਘ ਗਰੇਵਾਲ ਨੂੰ ਵਿਆਹ ਤੇ ਜਿੱਤ ਦੀ ਮਿਲੀ ਇਕੋ ਦਿਨ ਦੂਹਰੀ ਖ਼ੁਸ਼ੀ
ਲੰਡਨ/ਬਿਊਰੋ ਨਿਊਜ਼
ਹੰਸਲੋ ਕੌਂਸਲ ‘ਤੇ ਇਕ ਵਾਰ ਫਿਰ ਲੇਬਰ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਲੇਬਰ ਪਾਰਟੀ ਨੇ ਕੰਸਰਵੇਟਿਵ ਪਾਰਟੀ ਤੋਂ 4 ਹੋਰ ਸੀਟਾਂ ਖੋਹ ਲਈਆਂ ਹਨ। ਕੁੱਲ 60 ਸੀਟਾਂ ਵਿਚੋਂ ਲੇਬਰ ਨੂੰ 51 ਅਤੇ ਕੰਸਰਵੇਟਿਵ ਪਾਰਟੀ ਨੂੰ 9 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਪਰ ਮਜ਼ੇ ਦੀ ਗੱਲ ਇਹ ਹੈ ਇਸ ਹਲਕੇ ਵਿਚ ਪੰਜਾਬੀ ਕੌਂਸਲਰ ਬਣੇ ਹਨ, ਜਿਨ੍ਹਾਂ ਵਿਚੋਂ ਕਰੈਨਫੋਰਡ ਤੋਂ ਸੁਖਬੀਰ ਸਿੰਘ ਧਾਲੀਵਾਲ, ਪੂਨਮ ਢਿੱਲੋਂ, ਹੈਸਟਨ ਵੈਸਟ ਤੋਂ ਰਾਜਿੰਦਰ ਸਿੰਘ ਬਾਠ, ਲਿੱਲੀ ਬਾਠ, ਹੰਸਲੋ ਹੀਥ ਤੋਂ ਵਿਕਰਮ ਸਿੰਘ ਗਰੇਵਾਲ, ਹੈਸਟਨ ਈਸਟ ਤੋਂ ਕਮਲਜੀਤ ਕੌਰ ਜੌਹਲ, ਗੁਰਮੇਲ ਸਿੰਘ ਲਾਲ ਅਤੇ ਅਮ੍ਰਿਤ ਮਾਨ, ਹੰਸਲੋ ਵੈਸਟ ਤੋਂ ਬਿੰਦਰਾ ਚੋਪੜਾ, ਜਗਦੀਸ਼ ਸ਼ਰਮਾ ਅਤੇ ਸੋਹਣ ਸਿੰਘ ਸੁਮਰਾ, ਹੰਸਲੋ ਸੈਂਟਰਲ ਤੋਂ ਅਜਮੇਰ ਕੌਰ ਗਰੇਵਾਲ, ਪ੍ਰੀਤਮ ਸਿੰਘ ਗਰੇਵਾਲ, ਬੈਡਫਾਟ ਤੋਂ ਰਘਵਿੰਦਰ ਸਿੰਘ ਸਿੱਧੂ, ਹੈਨਵਰਥ ਪਾਰਕ ਤੋਂ ਪੁਨੀਤ ਕੌਰ ਗਰੇਵਾਲ, ਹੈਸਟਨ ਸੈਂਟਰਲ ਤੋਂ ਸੁਰਿੰਦਰ ਸਿੰਘ ਪੁਰੇਵਾਲ, ਹਰਲੀਨ ਕੌਰ ਅਟਵਾਲ ਹੇਅਰ, ਸ਼ਿਵਰਾਜ ਸਿੰਘ ਗਰੇਵਾਲ ਨੇ ਲੇਬਰ ਪਾਰਟੀ ਵਲੋਂ ਜਿੱਤ ਹਾਸਲ ਕੀਤੀ ਹੈ, ਜਦਕਿ ਟਰਨਹਮ ਗਰੀਨ ਰਣਜੀਤ ਗਿੱਲ ਇਕੋ ਇਕ ਪੰਜਾਬੀ ਮੂਲ ਦੇ ਹਨ ਜੋ ਕੰਸਰਵੇਟਿਵ ਪਾਰਟੀ ਵਲੋਂ ਜਿੱਤੇ ਹਨ। ਦੂਜੇ ਪਾਸੇ ਜਿੱਥੇ ਗੁਰੂ ਸਿੰਘ ਸਭਾ ਸਾਊਥਾਲ ਦੇ ਮੀਤ ਪ੍ਰਧਾਨ ਸੋਹਣ ਸਿੰਘ ਸੁਮਰਾ ਅਤੇ ਨੌਜਵਾਨ ਵਕੀਲ ਰਘਵਿੰਦਰ ਸਿੰਘ ਸਿੱਧੂ ਪਹਿਲੀ ਵਾਰ ਕੌਂਸਲਰ ਬਣੇ ਹਨ, ਉੱਥੇ ਹੀ ਪਹਿਲੀ ਸਿਆਸੀ ਜਿੱਤ ਪ੍ਰਾਪਤ ਕਰਨ ਵਾਲੇ ਨੌਜਵਾਨ ਵਿਕਰਮ ਸਿੰਘ ਗਰੇਵਾਲ ਨੂੰ ਬਾਰੋਅ ਵਿਚੋਂ ਸਭ ਤੋਂ ਵੱਧ 2421 ਵੋਟਾਂ ਮਿਲੀਆਂ ਹਨ। ਵਿਕਰਮ ਲਈ ਦੂਹਰੀ ਖ਼ੁਸ਼ੀ ਇਹ ਸੀ ਕਿ ਇਕ ਪਾਸੇ ਉਹ ਸਿਆਸਤ ਵਿਚ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਜਾ ਰਿਹਾ ਸੀ ਅਤੇ ਦੂਜੇ ਪਾਸੇ ਪਾਸੇ ਆਪਣਾ ਗ੍ਰਹਿਸਤੀ ਜੀਵਨ ਸ਼ੁਰੂ ਕਰ ਰਿਹਾ ਸੀ। ਜਿਸ ਦੇ ਅਨੰਦ ਕਾਰਜ ਗੁਰਦੁਆਰਾ ਸਿੰਘ ਸਭਾ ਹੰਸਲੋ ਵਿਖੇ ਹੋਏ। ਜ਼ਿਕਰਯੋਗ ਹੈ ਕਿ ਵਿਕਰਮ ਸਿੰਘ ਦੀ ਭੈਣ ਪੁਨੀਤ ਕੌਰ ਗਰੇਵਾਲ ਵੀ ਦੂਜੀ ਵਾਰ ਕੌਂਸਲ ਚੋਣਾਂ ਜਿੱਤੀ ਹੈ, ਜਦਕਿ ਉਸ ਦੇ ਪਿਤਾ ਦਰਸ਼ਨ ਸਿੰਘ ਗਰੇਵਾਲ ਹੰਸਲੋ ਦੇ ਮੇਅਰ ਰਹਿ ਚੁੱਕੇ ਹਨ।
ਇਸ ਦੇ ਨਾਲ ਹੀ ਹੰਸਲੋ ਤੋਂ ਇਕ ਰਾਜਸਥਾਨੀ ਮੂਲ ਦਾ ਸ਼ੰਤਾਨੂੰ ਰਾਜਵਤ ਕੌਸਲਰ ਵੀ ਬਣਿਆ ਹੈ। ਪਰ ਮਜ਼ੇ ਦੀ ਗੱਲ ਇਹ ਹੈ ਕਿ ਹੰਸਲੋ ਵਿਚੋਂ 14 ਪਾਕਿਸਤਾਨੀ ਮੂਲ ਦੇ ਕੌਂਸਲਰ ਬਣੇ ਹਨ ਜਿਨ੍ਹਾਂ ਵਿਚੋਂ 13 ਦੇ ਕਰੀਬ ਲਹਿੰਦੇ ਪੰਜਾਬ ਨਾਲ ਸਬੰਧ ਰੱਖਦੇ ਹਨ। ਹੇਜ਼ ਤੋਂ ਜੱਸ ਧਾਮੀ ਵੀ ਚੋਣ ਜਿੱਤੇ ਹਨ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …