ਲੰਡਨ : ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ ਨੇ ਕਿਹਾ ਹੈ ਕਿ ਉਨ੍ਹਾਂ ਦੀ ਇੱਛਾ ਹੈ ਕਿ ਰਾਜ ਕੁਮਾਰ ਚਾਰਲਸ ਦੇ ਮਹਾਰਾਜਾ ਬਣਨ ਉੱਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੂੰ ‘ਕੁਈਨ ਕੰਸੋਰਟ’ ਮੰਨਿਆ ਜਾਵੇ। ਮਹਾਰਾਣੀ ਦੀ ਇਹ ਅਹਿਮ ਦਖਲਅੰਦਾਜ਼ੀ ਰਾਜਸ਼ਾਹੀ ਦੇ ਭਵਿੱਖ ਨੂੰ ਆਕਾਰ ਦੇਵੇਗੀ ਤੇ ਸ਼ਾਹੀ ਪਰਵਾਰ ਵਿੱਚ ਡੱਚੈਸ ਆਫ ਕਾਰਨਵਾਲ ਦਾ ਸਥਾਨ ਯਕੀਨੀ ਬਣਾਏਗੀ। 95 ਸਾਲਾ ਮਹਾਰਾਣੀ ਨੇ ਆਪਣੀ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ ਬਾਰੇ ਦੇਸ਼ ਦੇ ਨਾਮ ਦਿੱਤੇ ਪਲੈਟੀਨਮ ਜੁਬਲੀ ਸੁਨੇਹੇ ਵਿੱਚ ਆਪਣੀ ਨੂੰਹ 74 ਸਾਲਾ ਕੈਮਿਲਾ ਦਾ ਸਮਰਥਨ ਕੀਤਾ ਅਤੇ ਦਿਲੋਂ ਇੱਛਾ ਜ਼ਾਹਿਰ ਕੀਤੀ ਕਿ ਪ੍ਰਿੰਸ ਚਾਰਲਸ ਦੇ ਮਹਾਰਾਜਾ ਬਣਨ ਉੱਤੇ ਕੈਮਿਲਾ ਨੂੰ ‘ਕੁਈਨ ਕੰਸੋਰਟ’ ਵਜੋਂ ਜਾਣਿਆ ਜਾਵੇ। ਕੁਈਨ ਕੰਸੋਰਟ ਮਹਾਰਾਜਾ ਦੀ ਪਤਨੀ ਲਈ ਵਰਤਿਆ ਜਾਂਦਾ ਹੈ। ਮਹਾਰਾਣੀ ਨੇ ਆਪਣੇ ਲਿਖਤੀ ਸੁਨੇਹੇ ਵਿੱਚ ਕਿਹਾ ਕਿ ਮੈਂ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਮੇਰੇ ਪ੍ਰਤੀ ਜੋ ਵਫਾਦਾਰੀ ਤੇ ਪਿਆਰ ਦਿਖਾਇਆ, ਉਸ ਵਾਸਤੇ ਮੈਂ ਹਮੇਸ਼ਾ ਤੁਹਾਡੀ ਧੰਨਵਾਦੀ ਰਹਾਂਗੀ। ਸਮਾਂ ਆਉਣ ਉੱਤੇ ਜਦੋਂ ਮੇਰਾ ਪੁੱਤਰ ਚਾਰਲਸ ਮਹਾਰਾਜਾ ਬਣੇਗਾ, ਮੈਨੂੰ ਆਸ ਹੈ ਕਿ ਤੁਸੀਂ ਉਸ ਨੂੰ ਤੇ ਉਸ ਦੀ ਪਤਨੀ ਕੈਮਿਲਾ ਨੂੰ ਉਹੀ ਸਮਰਥਨ ਦੇਵੋਗੇ, ਜੋ ਤੁਸੀਂ ਮੈਨੂੰ ਦਿੱਤਾ ਹੈ ਅਤੇ ਮੇਰੀ ਇੱਛਾ ਹੈ ਕਿ ਜਦੋਂ ਉਹ ਸਮਾਂ ਆਵੇਗਾ ਤਾਂ ਕੈਮਿਲਾ ਨੂੰ ਕੁਈਨ ਕੰਸੋਰਟ ਵਜੋਂ ਜਾਣਿਆ ਜਾਵੇ। ਮਹਾਰਾਣੀ ਐਲਿਜ਼ਾਬੈਥ ਆਪਣੀ ਪਲੈਟੀਨਮ ਜੁਬਲੀ ਮਨਾਉਣ ਵਾਲੀ ਪਹਿਲੀ ਬਰਤਨਾਵੀ ਮਹਾਰਾਣੀ ਬਣ ਗਈ ਹੈ।