Breaking News
Home / ਦੁਨੀਆ / ਪਾਕਿਸਤਾਨ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਾਰਜਕਾਲ ਪੂਰਾ ਨਹੀਂ ਕੀਤਾ

ਪਾਕਿਸਤਾਨ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਾਰਜਕਾਲ ਪੂਰਾ ਨਹੀਂ ਕੀਤਾ

ਅੰਮ੍ਰਿਤਸਰ : ਪਾਕਿਸਤਾਨ ਦੇ ਹੋਂਦ ਵਿਚ ਆਉਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਅਸਥਾਈ ਤੌਰ ‘ਤੇ ਬਣਾਏ ਗਏ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਪਾਕਿ ਦਾ ਕੋਈ ਵੀ ਪ੍ਰਧਾਨ ਮੰਤਰੀ ਸੇਵਾ ਮੁਕਤ ਹੋਣ ਤੱਕ ਸੱਤਾ ਦਾ ਸੁੱਖ ਭੋਗਣ ਵਿਚ ਕਾਮਯਾਬ ਨਹੀਂ ਹੋ ਸਕਿਆ ਹੈ। ਦੱਸਣਯੋਗ ਹੈ ਕਿ ਸੰਨ 1947 ਵਿਚ ਬਣਾਏ ਗਏ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਦੀ ਸੰਨ 1951 ਵਿਚ ਰਹੱਸਮਈ ਹਾਲਤ ਵਿਚ ਕੀਤੀ ਗਈ ਹੱਤਿਆ ਦੀ ਗੁੱਥੀ ਅਜੇ ਤੱਕ ਸੁਲਝ ਨਹੀਂ ਸਕੀ ਹੈ। ਉਹ 50 ਮਹੀਨੇ ਤੇ 2 ਦਿਨ ਤੱਕ ਪ੍ਰਧਾਨ ਮੰਤਰੀ ਰਹੇ ਸੀ। ਉਨ੍ਹਾਂ ਦੇ ਕਤਲ ਦੇ ਬਾਅਦ ਸੰਨ 1951 ਤੋਂ ਲੈ ਕੇ ਸੰਨ 1957 ਤੱਕ ਗਵਰਨਰ ਜਨਰਲ ਦੇ ਹੁਕਮ ‘ਤੇ ਲਗਾਤਾਰ 6 ਪ੍ਰਧਾਨ ਮੰਤਰੀ ਬਰਖ਼ਾਸਤ ਕੀਤੇ ਗਏ। ਇਸੇ ਤਾਨਾਸ਼ਾਹੀ ਰਵੱਈਏ ਦੇ ਚਲਦਿਆਂ ਪ੍ਰਧਾਨ ਮੰਤਰੀ ਖ਼ਵਾਜਾ ਨਜ਼ੀਮੁਦੀਨ 2 ਸਾਲ, ਮੁਹੰਮਦ ਅਲੀ ਬੋਗਰਾ 2 ਸਾਲ 3 ਮਹੀਨੇ, ਚੌਧਰੀ ਮੁਹੰਮਦ ਅਲੀ ਇਕ ਸਾਲ ਇਕ ਮਹੀਨਾ, ਹੁਸੈਨ ਸ਼ਹੀਦ ਸੁਹਰਾਵਰਦੀ ਇਕ ਸਾਲ ਇਕ ਮਹੀਨਾ, ਇਬਰਾਹੀਮ ਇਸਮਾਈਲ ਚੁਨਦਰੀਗਰ 2 ਮਹੀਨੇ, ਫ਼ਿਰੋਜ਼ ਖ਼ਾਨ ਨੂਨ 9 ਮਹੀਨੇ, ਅਯੂਬ ਖ਼ਾਨ 4 ਦਿਨ, ਨੂਰੁਲ ਅਮੀਨ 13 ਦਿਨ ਪ੍ਰਧਾਨ ਮੰਤਰੀ ਰਹੇ ਅਤੇ ਉਨ੍ਹਾਂ ਦੇ ਬਾਅਦ ਜੁਲਫਿਕਾਰ ਅਲੀ ਭੁੱਟੋ ਨੂੰ ਜਨਰਲ ਜ਼ਿਆ ਉੱਲ ਹੱਕ ਵਲੋਂ ਫ਼ਾਹੇ ਲਾਏ ਜਾਣ ਦੇ ਬਾਅਦ ਸੱਤਾ ‘ਤੇ ਅਧਿਕਾਰ ਕਾਇਮ ਕੀਤਾ ਗਿਆ। ਭੁੱਟੋ 3 ਸਾਲ 10 ਮਹੀਨੇ ਤੱਕ ਪ੍ਰਧਾਨ ਮੰਤਰੀ ਰਹੇ। ਇਸੇ ਪ੍ਰਕਾਰ ਮੁਹੰਮਦ ਖ਼ਾਨ ਜੁਨੇਜੋ 3 ਸਾਲ 2 ਮਹੀਨੇ, ਬੇਨਜ਼ੀਰ ਭੁੱਟੋ ਇਕ ਸਾਲ 8 ਮਹੀਨੇ, ਗ਼ੁਲਾਮ ਮੁਸਤਫ਼ਾ 3 ਮਹੀਨੇ, ਨਵਾਜ਼ ਸ਼ਰੀਫ਼ 2 ਸਾਲ 5 ਮਹੀਨੇ, ਬਲਖ਼ ਸ਼ੇਰ ਮਜ਼ਾਰੀ ਇਕ ਮਹੀਨਾ, ਨਵਾਜ਼ ਸ਼ਰੀਫ਼ ਮੁੜ ਇਕ ਮਹੀਨਾ, ਮੁਈਨੁਦੀਨ ਅਹਿਮਦ 3 ਮਹੀਨੇ, ਬੇਨਜ਼ੀਰ ਭੁੱਟੋ ਮੁੜ ਤਿੰਨ ਸਾਲ, ਮਲਿਕ ਮਿਰਾਜ਼ 3 ਮਹੀਨੇ, ਇਕ ਵਾਰ ਫ਼ਿਰ ਨਵਾਜ਼ ਸ਼ਰੀਫ਼ 2 ਸਾਲ 7 ਮਹੀਨੇ, ਮੀਰ ਜ਼ਫ਼ਰਉੱਲਾ ਖ਼ਾਨ ਜ਼ਮਾਲੀ ਇਕ ਸਾਲ 7 ਮਹੀਨੇ, ਚੌਧਰੀ ਸ਼ੁਜਾਤ ਹੁਸੈਨ ਇਕ ਮਹੀਨਾ, ਸ਼ੌਕਤ ਅਜ਼ੀਜ਼ 3 ਸਾਲ 2 ਮਹੀਨੇ, ਮੁਹੰਮਦ ਮੀਆਂ ਸੁਮਰੋ 4 ਮਹੀਨੇ, ਯੂਸਫ਼ ਰਜ਼ਾ ਗਿਲਾਨੀ 4 ਸਾਲ 2 ਮਹੀਨੇ ਤੇ 25 ਦਿਨ, ਰਜ਼ਾ ਪਰਵੇਜ਼ 9 ਮਹੀਨੇ, ਮੀਰ ਹਜ਼ਾਰ ਖ਼ਾਨ 2 ਮਹੀਨੇ, ਨਵਾਜ਼ ਸ਼ਰੀਫ਼ 4 ਸਾਲ ਇਕ ਮਹੀਨਾ, ਸ਼ਾਹਿਦ ਖ਼ਾਕਾਨ ਅੱਬਾਸੀ 9 ਮਹੀਨੇ ਅਤੇ ਨਸੀਰ ਉੱਲ ਮੁਲਕ ਇੱਕ ਮਹੀਨਾ ਹੀ ਸੱਤਾ ਦਾ ਸੁੱਖ ਭੋਗ ਸਕੇ। ਉਕਤ ਵਿਚੋਂ ਕੁਝ ਨੂੰ ਰਾਸ਼ਟਰਪਤੀ ਵਲੋਂ ਬਰਖ਼ਾਸਤ ਕੀਤਾ ਗਿਆ, ਕੁਝ ਨੂੰ ਸੁਪਰੀਮ ਕੋਰਟ ਵਲੋਂ ਆਯੋਗ ਐਲਾਨਿਆ ਗਿਆ, ਕੁਝ ਤਖ਼ਤਾ ਪਲਟ ਦੇ ਸ਼ਿਕਾਰ ਹੋਏ ਅਤੇ ਕੁਝ ਪਾਸੋਂ ‘ਸਵੈ-ਇੱਛਾ’ ਦੇ ਨਾਂ ‘ਤੇ ਜ਼ਬਰਦਸਤੀ ਅਸਤੀਫ਼ਾ ਲਿਆ ਗਿਆ। ਸਾਲ 2013 ਦੀਆਂ ਚੋਣਾਂ ਦੇ ਬਾਅਦ ਇਹ ਦੂਸਰਾ ਮੌਕਾ ਹੈ ਜਦ ਕੋਈ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਦੂਜੀ ਲੋਕਤੰਤਰ ਸਰਕਾਰ ਨੂੰ ਸੱਤਾ ਸੌਂਪੇਗੀ।

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …