ਅੰਮ੍ਰਿਤਸਰ/ਬਿਊਰੋ ਨਿਊਜ਼
ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਸਦੀਵੀ ਵਿਛੋੜੇ ਦੇ ਚੱਲਦਿਆਂ ਜਿੱਥੇ ਸਮੁੱਚੇ ਸਿੱਖ ਪੰਥ ਵਿਚ ਦੁੱਖ ਦੀ ਲਹਿਰ ਹੈ ਉੱਥੇ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵੇਰਕਾ ਪਿੰਡ ਵਿਚ ਕੀਤੇ ਵਿਰੋਧ ਦੇ ਚੱਲਦਿਆਂ ਸਮੁੱਚੇ ਸਿੱਖ ਜਗਤ ਵਿਚ ਰੋਸ ਵੀ ਹੈ। ਜਿਸ ਦੇ ਵਿਰੋਧ ਵਿਚ ਭਾਈ ਜੁਝਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਜਿੱਥੇ ਇਸ ਮਹਾਨ ਸ਼ਖ਼ਸੀਅਤ ਦੇ ਜਾਣ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਦੀ ਵਿਰੋਧਤਾ ਨੂੰ ਲੈ ਕੇ ਉਨ੍ਹਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿਖੇ ਵੇਰਕਾ ਪਿੰਡ ਦੇ ਵਾਸੀਆਂ ਵੱਲੋਂ ਕੀਤੇ ਵਿਰੋਧ ਦੇ ਚੱਲਦਿਆਂ ਉਹ ਆਪਣੇ ਰਹਿੰਦੇ ਸਵਾਸਾਂ ਤੱਕ ਵੇਰਕਾ ਪਿੰਡ ਵਿਚ ਕਦੇ ਵੀ ਕੀਰਤਨ ਨਹੀਂ ਕਰਨਗੇ।ਇਸੇ ਦੌਰਾਨ ਇਹ ਵੀ ਚਰਚਾ ਛਿੜ ਗਈ ਹੈ ਕਿ ਦਰਬਾਰ ਸਾਹਿਬ ਸਣੇ ਸਮੂਹ ਹਜੂਰੀ ਰਾਗੀਆਂ ਨੇ ਫੈਸਲਾ ਲਿਆ ਹੈ ਕਿ ਉਹ ਜੀਵਨ ਭਰ ਕਦੇ ਵੇਰਕਾ ਪਿੰਡ ਵਿਚ ਕੀਰਤਨ ਨਹੀਂ ਕਰਨਗੇ। ਇਥੇ ਜ਼ਿਕਰਯੋਗ ਹੈ ਕਿ ਜਿਨ੍ਹਾਂ ਪਿੰਡ ਵਾਸੀਆਂ ਲੰਘੇ ਕੱਲ੍ਹ ਭਾਈ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕ ਦੇਹ ਦਾ ਵੇਰਕਾ ਪਿੰਡ ਵਿਚ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਗਿਆ ਸੀ ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਆਪਣੀ ਕੀਤੀ ਗਈ ਗਲਤੀ ਦਾ ਅਹਿਸਾਸ ਹੋ ਗਿਆ ਹੈ। ਅੱਜ ਵੇਰਕਾ ਪਿੰਡ ਵਾਸੀਆਂ ਵੱਲੋਂ ਅੰਤਿਮ ਸਸਕਾਰ ਵਾਲੀ ਜਗ੍ਹਾ ਉੱਤੇ ਇੱਕ ਯਾਦਗਾਰ ਉਸਾਰਨ ਦਾ ਫ਼ੈਸਲਾ ਕੀਤਾ ਹੈ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …