![](https://parvasinewspaper.com/wp-content/uploads/2020/06/2020_6image_14_43_599301201bainsffs-ll-300x203.jpg)
ਕੇਂਦਰ ਦੇ ਨਵੇਂ ਖੇਤੀ ਕਾਨੂੰਨ ਖਿਲਾਫ ਦਿੱਤਾ ਜਾ ਰਿਹਾ ਹੈ ਹੋਕਾ
ਅੰਮ੍ਰਿਤਸਰ/ਬਿਊਰੋ ਨਿਊਜ਼
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਅੱਜ ਪਾਰਟੀ ਦੇ ਆਗੂਆਂ ਨੇ ਸਾਈਕਲ ਯਾਤਰਾ ਸ਼ੁਰੂ ਕਰ ਦਿੱਤੀ ਹੈ। ਬੈਂਸ ਭਰਾਵਾਂ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਉਪਰੰਤ ਸਾਈਕਲਾਂ ‘ਤੇ ਕਿਸਾਨ ਬਚਾਓ ਪੰਜਾਬ ਬਚਾਓ ਰੋਸ ਯਾਤਰਾ ਸ਼ੁਰੂ ਕੀਤੀ। ਇਸ ਮੌਕੇ ਬੈਂਸ ਭਰਾਵਾਂ ਕਿਹਾ ਕਿ ਸਰਕਾਰ ਵੱਲੋਂ ਜੋ ਨਵਾਂ ਖੇਤੀ ਸੁਧਾਰ ਕਾਨੂੰਨ ਬਣਾਇਆ ਗਿਆ ਹੈ ਉਸ ਦੇ ਵਿਰੋਧ ਵਿਚ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਰੋਸ ਯਾਤਰਾ ਕੀਤੀ ਜਾ ਰਹੀ ਹੈ। ਯਾਤਰਾ ਵਿਚ ਪਾਰਟੀ ਵੱਲੋਂ ਇਹ ਪੰਜਾਬ ਮਾਰੂ ਕਾਨੂੰਨ ਰੱਦ ਕਰਵਾਉਣ ਲਈ ਪੰਜਾਬੀਆਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦਾ ਹੋਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਅੱਜ ਰਵਾਨਾ ਕੀਤੀ ਗਈ ਇਹ ਰੋਸ ਯਾਤਰਾ ਸ਼ੁੱਕਰਵਾਰ 26 ਜੂਨ ਨੂੰ ਚੰਡੀਗੜ੍ਹ ਵਿਖੇ ਪਹੁੰਚੇਗੀ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਾਂ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ।