9.4 C
Toronto
Friday, November 7, 2025
spot_img
Homeਪੰਜਾਬਪੜ੍ਹੀਆਂ ਲਿਖੀਆਂ ਧੀਆਂ ਝੋਨਾ ਲਗਾਉਣ ਲਈ ਮਜਬੂਰ

ਪੜ੍ਹੀਆਂ ਲਿਖੀਆਂ ਧੀਆਂ ਝੋਨਾ ਲਗਾਉਣ ਲਈ ਮਜਬੂਰ

ਰੁਜ਼ਗਾਰ ਮਿਲਣ ਦੀ ਆਸ ਹੋਈ ਮੱਧਮ
ਟੱਲੇਵਾਲ : ਉੱਚ ਵਿਦਿਆ ਹਾਸਲ ਧੀਆਂ ਹੁਣ ਮਜਬੂਰੀ ਵਿੱਚ ‘ਖੇਤਾਂ ਦਾ ਪੁੱਤ’ ਬਣਨ ਲੱਗੀਆਂ ਹਨ। ਗ਼ਰੀਬੀ ਅਤੇ ਤੰਗੀ-ਤੁਰਸ਼ੀ ਝੱਲ ਰਹੇ ਪਰਿਵਾਰ ਨਾ ਚਾਹੁੰਦੇ ਹੋਏ ਵੀ ਆਪਣੀਆਂ ਪੜ੍ਹੀਆਂ ਲਿਖੀਆਂ ਧੀਆਂ ਕੋਲੋਂ ਖੇਤਾਂ ਵਿੱਚ ਝੋਨਾ ਲਗਵਾਉਣ ਲਈ ਮਜਬੂਰ ਹਨ। ਪਰਵਾਸੀ ਮਜ਼ਦੂਰਾਂ ਦੀ ਘਾਟ ਤੇ ਸਥਾਨਕ ਮਜ਼ਦੂਰੀ ਦੀ ਵਧੀ ਮੰਗ ਨੇ ਇਨ੍ਹਾਂ ਨੂੰ ਖੇਤੀ ਵਿੱਚ ਪਰਿਵਾਰਕ ਮੈਂਬਰਾਂ ਦਾ ਹੱਥ ਵਟਾਉਣ ਲਈ ਪ੍ਰੇਰਿਆ ਹੈ। ਪੱਕੇ ਰੁਜ਼ਗਾਰ ਮਿਲਣ ਦੀ ਪੈ ਰਹੀ ਮੱਧਮ ਆਸ ਅਤੇ ਘਰੇਲੂ ਆਰਥਿਕ ਮਜਬੂਰੀਆਂ ਨੇ ਵੀ ਇਨ੍ਹਾਂ ਦਾ ਰੁਖ਼ ਖੇਤਾਂ ਵੱਲ ਮੋੜਿਆ ਹੈ। ਭੈਣੀ ਫ਼ੱਤੇ ਦੇ ਮਜ਼ਦੂਰ ਪਰਿਵਾਰ ਦੀ ਲੜਕੀ ਸਿਮਰਜੀਤ ਕੌਰ ਐੱਮਏ, ਬੀਐੱਡ ਦੇ ਨਾਲ ਨਾਲ ਟੈੱਟ ਪਾਸ ਹੈ। ਸਰਕਾਰ ਤੋਂ ਕੋਈ ਨੌਕਰੀ ਨਹੀਂ ਮਿਲੀ। ਹੁਣ ਐੱਮਐੱਡ ਦੀ ਪੜ੍ਹਾਈ ਕਰਨ ਦੇ ਨਾਲ ਨਾਲ ਪਰਿਵਾਰ ਨਾਲ ਖੇਤਾਂ ਵਿੱਚ ਝੋਨਾ ਲਾ ਰਹੀ ਹੈ। ਉਸ ਦੀ ਤਾਏ ਦੀ ਲੜਕੀ ਅਮਨਦੀਪ ਕੌਰ ਵੀ ਐੱਮਏ ਬੀਐੱਡ ਪਾਸ ਹੈ ਤੇ ਪਰਿਵਾਰ ਨਾਲ ਖੇਤਾਂ ਵਿਚ ਦਿਹਾੜੀ ਕਰ ਰਹੀ ਹੈ। ਪਿੰਡ ਨਰਾਇਣਗੜ੍ਹ ਸੋਹੀਆਂ ਦੇ ਮਜ਼ਦੂਰ ਦੀ ਧੀ ਕੋਮਲਜੀਤ ਕੌਰ ਕਾਲਜ ਗਹਿਲ ਤੋਂ ਐੱਮਏ ਪੰਜਾਬੀ ਦੀ ਪੜ੍ਹਾਈ ਕਰ ਰਹੀ ਹੈ ਪਰ ਤਾਲਾਬੰਦੀ ਨੇ ਘਰ ਦੀ ਆਰਥਿਕਤਾ ਨੂੰ ਭਾਰੀ ਸੱਟ ਮਾਰੀ। ਹੁਣ ਕੋਮਲਜੀਤ ਪਰਿਵਾਰਕ ਮੈਂਬਰਾਂ ਨਾਲ ਦਿਹਾੜੀ ‘ਤੇ ਝੋਨਾ ਲਾਉਣ ਜਾਂਦੀ ਹੈ। ਪਿੰਡ ਬੀਹਲਾ ਦੀ ਅਮਨਦੀਪ ਕੌਰ ਬੀਟੈੱਕ ਪਾਸ ਹੈ। ਔਖੇ-ਸੌਖੇ ਬਿਜਲੀ ਬੋਰਡ ਵਿਚ ਨੌਕਰੀ ਲਈ ਚੋਣ ਤਾਂ ਹੋ ਚੁੱਕੀ ਹੈ ਪਰ ਨੌਕਰੀ ਦੀ ਅਜੇ ਕਾਰਵਾਈ ਪੂਰੀ ਨਹੀਂ ਹੋਈ, ਜਿਸ ਕਰਕੇ ਉਹ ਓਨੀ ਦੇਰ ਤੱਕ ਪਰਿਵਾਰ ਦੀ ਕਬੀਲਦਾਰੀ ਵਿਚ ਯੋਗਦਾਨ ਪਾਉਣ ਲਈ ਝੋਨਾ ਲਾ ਰਹੀ ਹੈ। ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਚਰਨਜੀਤ ਕੌਰ ਬਰਨਾਲਾ ਨੇ ਆਖਿਆ ਕਿ ਕੰਮ ਕੋਈ ਵੀ ਮਾੜਾ ਨਹੀਂ ਹੈ ਪਰ ਇਹ ਕੰਮ ਯੋਗਤਾ ਅਨੁਸਾਰ ਮਿਲਣਾ ਚਾਹੀਦਾ ਹੈ।

RELATED ARTICLES
POPULAR POSTS