ਨਿਊਜ਼ੀਲੈਂਡ ਦੀ ਫੌਜ ’ਚ ਹੈ ਲੂਈਸ ਸਿੰਘ ਖਾਲਸਾ
ਚੰਡੀਗੜ੍ਹ/ਬਿਊਰੋ ਨਿਊਜ਼
ਜਦੋਂ ਨਿਊਜ਼ੀਲੈਂਡ ਦੀ ਫੌਜ ਵਿਚ ਭਰਤੀ ਹੋਣ ਵਾਲੇ 63 ਨਵੇਂ ਰੰਗਰੂਟਾਂ ਨੇ ਪਰੇਡ ਵਿਚ ਹਿੱਸਾ ਲਿਆ ਤਾਂ ਇਕ ਦਸਤਾਰਧਾਰੀ ਸਿੱਖ ਫੌਜੀ ਨੇ ਸਾਰਿਆਂ ਦਾ ਮਨ ਮੋਹ ਲਿਆ। ਇਹ ਸਿੱਖ ਫੌਜੀ ਇਸਾਈ ਧਰਮ ਛੱਡ ਕੇ ਸਿੱਖ ਧਰਮ ਅਪਨਾਉਣ ਵਾਲਾ ਲੂਈਸ ਸਿੰਘ ਖਾਲਸਾ ਸੀ। ਜਦੋਂ ਇਹ ਗੋਰਾ ਸਿੱਖ ਫੌਜੀ ਦਸਤਾਰ ਸਜਾ ਕੇ ਪਰੇਡ ਵਿਚ ਸ਼ਾਮਲ ਹੋਇਆ ਤਾਂ ਸਾਰਿਆਂ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ਧਿਆਨ ਰਹੇ ਕਿ ਇਸ ਗੋਰੇ ਸਿੱਖ ਫੌਜੀ ਦਾ ਪਹਿਲਾਂ ਨਾਮ ਲੂਈਸ ਟਾਲਬੋਟ ਸੀ, ਜੋ ਕਿ ਹੁਣ ਲੂਈਸ ਸਿੰਘ ਖਾਲਸਾ ਹੋ ਗਿਆ ਹੈ। ਇਹ ਗੋਰਾ ਨੌਜਵਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਇਆ ਸੀ ਅਤੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਇਸ ਨੇ ਅੰਮਿ੍ਰਤ ਛਕ ਲਿਆ ਅਤੇ ਸਿੰਘ ਸਜ ਗਿਆ ਸੀ। ਉਸ ਤੋਂ ਬਾਅਦ ਉਸ ਨੇ ਨਿਊਜ਼ੀਲੈਂਡ ਦੀ ਫੌਜ ਵਿਚ ਭਰਤੀ ਹੋਣ ਦਾ ਫੈਸਲਾ ਲਿਆ।
ਲੂਈਸ ਸਿੰਘ ਖਾਲਸਾ ਪੰਜਾਬ ਵਿਚ ਵੀ ਰਹਿ ਚੁੱਕਾ ਹੈ ਅਤੇ ਪੰਜਾਬੀ ਭਾਸ਼ਾ ਵੀ ਸਿੱਖ ਚੁੱਕਾ ਹੈ। ਮੂਲ ਰੂਪ ਵਿਚ ਕੈਂਟਾਬਰੀ ਵਿਚ ਤਿਮਾਰੂ ਟਾਊਨ ਦਾ ਰਹਿਣ ਵਾਲਾ ਲੂਈਸ ਚਰਚ ਵਿਚ ਕਾਲਜ ਦੀ ਪੜ੍ਹਾਈ ਪੂਰੀ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਸਾਲ 2015 ਵਿਚ ਉਹ ਇਕ ਸਿੱਖ ਨੌਜਵਾਨ ਤੇਜਿੰਦਰ ਸਿੰਘ ਨੂੰ ਮਿਲਿਆ ਸੀ। ਲੂਈਸ ਨੇ ਤੇਜਿੰਦਰ ਸਿੰਘ ਕੋਲੋਂ ਸਿੱਖ ਬਾਰੇ ਜਾਣਕਾਰੀ ਲਈ ਅਤੇ ਉਸਦੇ ਨਾਲ ਗੁਰਦੁਆਰਾ ਸਾਹਿਬ ਵੀ ਗਿਆ। ਜਿੱਥੇ ਉਸ ਨੂੰ ਰੂਹਾਨੀ ਸ਼ਾਂਤੀ ਵੀ ਮਿਲੀ। ਉਸ ਤੋਂ ਬਾਅਦ ਲੂਈਸ ਨੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਅਤੇ ਉਥੇ ਉਹ ਸੁਖਪ੍ਰੀਤ ਸਿੰਘ, ਕਮਲ ਸਿੰਘ ਅਤੇ ਦਿਲਰਾਜ ਸਿੰਘ ਨੂੰੂ ਵੀ ਮਿਲਿਆ ਅਤੇ ਫਿਰ ਸਿੰਘ ਸਜਣ ਦਾ ਫੈਸਲਾ ਕਰ ਲਿਆ।
ਜੂਨ 2018 ਵਿਚ ਲੂਈਸ ਪੰਜਾਬ ਆਇਆ ਅਤੇ ਇੱਕ ਸਿੱਖ ਪਰਿਵਾਰ ਨਾਲ ਰਿਹਾ ਅਤੇ ਉਹ ਪੰਜਾਬੀ ਸਿੱਖ ਕੇ ਗੁਰਬਾਣੀ ਦਾ ਪਾਠ ਵੀ ਕਰਨ ਲੱਗਾ। ਲੂਈਸ ਹਰਿਮੰਦਰ ਸਾਹਿਬ ਵੀ ਗਿਆ। ਉਸ ਨੇ ਪੰਜਾਬ ਵਿਚ ਲਿਖੇ ਸਾਈਨ ਬੋਰਡ ਪੜ੍ਹਨ ਦਾ ਵੀ ਅਭਿਆਸ ਕੀਤਾ। ਉਸ ਤੋਂ ਬਾਅਦ ਉਹ ਵਾਪਸ ਨਿਊਜ਼ੀਲੈਂਡ ਪਹੁੰਚਿਆ ਅਤੇ ਤਬਲਾ ਅਤੇ ਕੀਰਤਨ ਕਰਨਾ ਵੀ ਸਿੱਖ ਗਿਆ। ਲੂਈਸ ਸਿੰਘ ਖਾਲਸਾ ਦੀ ਮਾਤਾ ਯੂ.ਕੇ. ਅਤੇ ਪਿਤਾ ਨਿਊਜ਼ੀਲੈਂਡ ਵਿਚ ਹੈ। ਉਸਦਾ ਇਕ ਵੱਡਾ ਭਰਾ ਅਤੇ ਇਕ ਛੋਟੀ ਭੈਣ ਵੀ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਲੂਈਸ ਦੇ ਫੈਸਲੇ ’ਤੇ ਮਾਣ ਹੈ।