ਰਾਜਸਥਾਨ ’ਚ ਤਿੰਨ ਭੈਣਾਂ ਇਕੱਠਿਆਂ ਬਣੀਆਂ ਅਫਸਰ ਅਤੇ ਦੋ ਭੈਣਾਂ ਪਹਿਲਾਂ ਹੀ ਹਨ ਅਫਸਰ
ਜੈਪੁਰ/ਬਿਊਰੋ ਨਿਊਜ਼
ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਅੰਸ਼ੂ, ਰੀਤੂ ਤੇ ਸੁਮਨ ਨੇ ਇਕੱਠਿਆਂ ਪ੍ਰਸ਼ਾਸਕੀ ਪ੍ਰੀਖਿਆ (ਆਰਏਐੱਸ) ਪਾਸ ਕੀਤੀ ਹੈ। ਇਨ੍ਹਾਂ ਦੀਆਂ ਦੋ ਹੋਰ ਭੈਣਾਂ ਰੋਮਾ ਤੇ ਮੰਜੂ ਪਹਿਲਾਂ ਹੀ ਆਰ.ਏ.ਐੱਸ. ਅਫਸਰ ਹਨ। ਹੁਣ ਕਿਸਾਨ ਸਹਿਦੇਵ ਸਹਾਰਨ ਦੀਆਂ ਪੰਜੇ ਧੀਆਂ ਅਫਸਰ ਬਣ ਗਈਆਂ ਹਨ। ਇਨ੍ਹਾਂ ਧੀਆਂ ਦੇ ਪਿਤਾ ਕਿਸਾਨ ਸਹਾਰਨ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਹੈ ਜਦਕਿ ਉਸਦੀ ਪਤਨੀ ਲਕਸ਼ਮੀ ਅਨਪੜ੍ਹ ਹੈ। ਰਾਜਸਥਾਨ ਪ੍ਰਸ਼ਾਸਕੀ ਪ੍ਰੀਖਿਆ ’ਚ ਅੰਸ਼ੂ ਨੂੰ ਓਬੀਸੀ ਵਿਚ 31ਵਾਂ ਰੈਂਕ ਮਿਲਿਆ ਹੈ ਜਦਕਿ ਰੀਤੂ ਨੂੰ 96 ਤੇ ਸੁਮਨ ਨੂੰ 98 ਰੈਂਕ ਮਿਲਿਆ ਹੈ। ਰੀਤੂ ਭੈਣਾਂ ’ਚੋਂ ਸਭ ਤੋਂ ਛੋਟੀ ਹੈ। ਧਿਆਨ ਰਹੇ ਕਿ ਰੋਮਾ ਨੇ 2010 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਸੀ। ਉਹ ਆਪਣੇ ਪਰਿਵਾਰ ’ਚ ਪਹਿਲੀ ਆਰਏਐੱਸ ਅਫਸਰ ਸੀ। ਉਹ ਇਸ ਸਮੇਂ ਝੁਨਝੁਨ ਜ਼ਿਲ੍ਹੇ ਦੇ ਸੁਜਾਨਗੜ੍ਹ ’ਚ ਬਲਾਕ ਡਿਵੈਲਪਮੈਂਟ ਅਫਸਰ ਵਜੋਂ ਤਾਇਨਾਤ ਹੈ। ਇਸੇ ਤਰ੍ਹਾਂ ਮੰਜੂ ਨੇ 2017 ’ਚ ਆਰਏਐੱਸ ਦੀ ਪ੍ਰੀਖਿਆ ਪਾਸ ਕੀਤੀ ਤੇ ਉਹ ਇਸ ਸਮੇਂ ਹਨੂੰਮਾਨਗੜ੍ਹ ਦੇ ਨੋਹਾਰ ਦੇ ਕੋਆਪਰੇਟਿਵ ਵਿਭਾਗ ’ਚ ਸੇਵਾ ਨਿਭਾ ਰਹੀ ਹੈ।