Breaking News
Home / ਭਾਰਤ / ਮਹਾਰਾਸ਼ਟਰ ‘ਚ ਗੋਲਾ-ਬਾਰੂਦ ਦੇ ਭੰਡਾਰ ਨੂੰ ਲੱਗੀ ਅੱਗ; ਦੋ ਅਫ਼ਸਰਾਂ ਸਮੇਤ 16 ਮੌਤਾਂ

ਮਹਾਰਾਸ਼ਟਰ ‘ਚ ਗੋਲਾ-ਬਾਰੂਦ ਦੇ ਭੰਡਾਰ ਨੂੰ ਲੱਗੀ ਅੱਗ; ਦੋ ਅਫ਼ਸਰਾਂ ਸਮੇਤ 16 ਮੌਤਾਂ

1ਭਾਰੀ ਜੱਦੋਜਹਿਦ ਤੋਂ ਬਾਅਦ ਪਾਇਆ ਕਾਬੂ; ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ ਸਿੱਕਾ ਤਬਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਪੁਲਗਾਓਂ ਵਿੱਚ ਅਸਲਾਖ਼ਾਨੇ ਵਿੱਚ ਮੰਗਲਵਾਰ ਨੂੰ ਅੱਗ ਲੱਗ ਜਾਣ ਕਾਰਨ ਦੋ ਫ਼ੌਜੀ ਅਫ਼ਸਰਾਂ ਸਮੇਤ ਘੱਟੋ-ਘੱਟ 16 ਰੱਖਿਆ ਕਰਮੀ ਮਾਰੇ ਗਏ। ਇਹ ਅਸਲਾਖ਼ਾਨਾ ਏਸ਼ੀਆ ਦੇ ਸਭ ਤੋਂ ਵੱਡੇ ਅਸਲਾ ਭੰਡਾਰਾਂ ਵਿੱਚ ਗਿਣਿਆ ਜਾਂਦਾ ਹੈ ਜਿੱਥੇ ਫ਼ੌਜ ਵਲੋਂ ਭਾਰੀ ਮਾਤਰਾ ਵਿੱਚ ਗੋਲੀ ਸਿੱਕਾ ਰੱਖਿਆ ਜਾਂਦਾ ਹੈ। ਅੱਗ ਰਾਤੀਂ ਇਕ ਵਜੇ ਦੇ ਕਰੀਬ ਭੜਕੀ ਸੀ ਜਿਸ ਨੂੰ ਰਾਤ ਭਰ ਚੱਲੇ ਅਪਰੇਸ਼ਨ ਤੋਂ ਬਾਅਦ ਕਾਬੂ ਕਰ ਲਿਆ ਗਿਆ। ਉਚ ਸੁਰੱਖਿਆ ਵਾਲਾ ਇਹ ਸੈਂਟਰਲ ਐਮੂਨੀਸ਼ਨ ਡਿਪੂ (ਸੀਏਡੀ) ਲਗਪਗ 7000 ਏਕੜ ਵਿੱਚ ਫੈਲਿਆ ਹੋਇਆ ਹੈ। ઠਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਦੇ ਯਤਨਾਂ ਵਿੱਚ ਦੋ ਅਫ਼ਸਰਾਂ ਅਤੇ 14 ਕਰਮੀਆਂ (ਜਿਨ੍ਹਾਂ ਵਿੱਚ ਇਕ ਫ਼ੌਜ ਨਾਲ ਤੇ 13 ਸਿਵਲੀਅਨ ਅੱਗ ਬੁਝਾਊ ਕਰਮੀ ਹਨ) ਦੀ ਜਾਨ ਚਲੀ ਗਈ ਜਦਕਿ ਦੋ ਅਫ਼ਸਰ ਤੇ 15 ਕਰਮਚਾਰੀ ਜ਼ਖ਼ਮੀ ਹਨ ਜਿਨ੍ਹਾਂ ਵਿੱਚ 9 ਫ਼ੌਜੀ ਜਵਾਨ ਤੇ ਛੇ ਸਿਵਲੀਅਨ ਫਾਇਰ ਕਰਮੀ ਸ਼ਾਮਲ ਹਨ। ਡਿਪੂ ਵਿੱਚੋਂ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਅੱਗ ਦੀਆਂ ਲਪਟਾਂ ਅਸਮਾਨ ਛੂਹ ਰਹੀਆਂ ਸਨ। ਡੀਜੀ ਮੁਤਾਬਕ ਅਜੇ ਤਾਈਂ ਇਹ ਪਤਾ ਨਹੀਂ ਚੱਲਿਆ ਕਿ ਅੱਗ ਭੜਕੀ ਕਿਵੇਂ ਸੀ ਪਰ ਨੁਕਸਾਨ ਦਾ ਅੰਦਾਜ਼ਾ ਲਾਉਣ ਦੇ ਯਤਨ ਜਾਰੀ ਹਨ। ਪਹਿਲਾਂ ਫ਼ੌਜ ਨੇ ਮੌਤਾਂ ਦੀ ਗਿਣਤੀ 17 ਦੱਸੀ ਸੀ ਜੋ ਹੁਣ ਸੋਧ ਕੇ 16 ਦੱਸੀ ਜਾ ਰਹੀ ਹੈ। ਪਹਿਲਾਂ ਕਿਹਾ ਗਿਆ ਸੀ ਕਿ ਮਰਨ ਵਾਲਿਆਂ ਵਿੱਚ ਬਹੁਤੇ ਡਿਫ਼ੈਂਸ ਸਕਿਉਰਿਟੀ ਕੋਰ ਦੇ ਜਵਾਨ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ‘ਤੇ ਰੱਖਿਆ ਮੰਤਰੀ ਮਨੋਹਰ ਪਰੀਕਰ ਜੋ ਪੁਣੇ ਵਿੱਚ ਹੀ ਸਨ, ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਏ। ਥਲ ਸੈਨਾ ਦੇ ਮੁਖੀ ਜਨਰਲ ਦਲਬੀਰ ਸਿੰਘ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਸੈਂਟਰਲ ਐਮੂਨੀਸ਼ਨ ਡਿਪੂ, ਪੁਲਗਾਓਂ ਨਾਗਪੁਰ ਤੋਂ 115 ਕਿਲੋਮੀਟਰ ਦੂਰ ਪੈਂਦਾ ਹੈ ਜਿੱਥੇ ਹੱਥਗੋਲੇ, ਬੰਬ, ਗ੍ਰਨੇਡ, ਰਾਈਫਲਾਂ, ਮਿਸਾਈਲਾਂ ਅਤੇ ਹੋਰ ਹਥਿਆਰ ਤੇ ਗੋਲੀ ਸਿੱਕਾ ਜਮ੍ਹਾਂ ਕੀਤਾ ਹੁੰਦਾ ਹੈ। ਵੱਖ-ਵੱਖ ਫ਼ੈਕਟਰੀਆਂ ਦਾ ਅਸਲਾ ਤੇ ਹਥਿਆਰ ਪਹਿਲਾਂ ਇੱਥੇ ਆਉਂਦੇ ਹਨ ਤੇ ਫ਼ਿਰ ਵੱਖ- ਵੱਖ ਟਿਕਾਣਿਆਂ ‘ਤੇ ਭੇਜਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਰਾਜ਼ੀ ਹੋਣ ਦੀ ਕਾਮਨਾ ਕੀਤੀ ਹੈ। ਇਸ ਸਬੰਧੀ ਮੋਦੀ ਨੇ ਟਵੀਟ ਕੀਤਾ ”ਪੁਲਗਾਓਂ, ਮਹਾਰਾਸ਼ਟਰ ਵਿੱਚ ਕੇਂਦਰੀ ਅਸਲਾਖ਼ਾਨੇ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਮਰਨ ਵਾਲਿਆਂ ਸਬੰਧੀ ਦੁੱਖ ਦਾ ਇਜ਼ਹਾਰ ਤੇ ਜ਼ਖ਼ਮੀਆਂ ਦੇ ਜਲਦੀ ਰਾਜ਼ੀ ਹੋਣ ਦੀ ਕਾਮਨਾ। ਮੈਂ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹਾਂ।” ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ।

Check Also

ਭਾਰਤ ਵੱਲੋਂ 101 ਰੱਖਿਆ ਯੰਤਰਾਂ ਦੀ ਦਰਾਮਦ ‘ਤੇ ਪਾਬੰਦੀ

ਘਰੇਲੂ ਰੱਖਿਆ ਸਨਅਤ ਨੂੰ ਹੁਲਾਰਾ ਦੇਣ ਲਈ ਰੱਖਿਆ ਮੰਤਰੀ ਨੇ ਕੀਤਾ ਐਲਾਨ ਨਵੀਂ ਦਿੱਲੀ : …