Breaking News
Home / ਭਾਰਤ / ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਮ ਵਾਲੇ ਸਾਈਨ ਬੋਰਡ ‘ਤੇ ਮਲੀ ਕਾਲਖ

ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਮ ਵਾਲੇ ਸਾਈਨ ਬੋਰਡ ‘ਤੇ ਮਲੀ ਕਾਲਖ

ਕਤਲੇਆਮ ਪੀੜਤਾਂ ਨੇ ਕਿਹਾ – ਰਾਜੀਵ ਗਾਂਧੀ ਦਾ ਨਾਮ ਹਟਾ ਕੇ ਭਗਤ ਸਿੰਘ ਦਾ ਨਾਮ ਲਿਖਿਆ ਜਾਵੇ
ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਦਿਲੀ ਦੇ ਕਨਾਟ ਪੈਲੇਸ ਵਿਚ ਰਾਜੀਵ ਚੌਕ ‘ਤੇ ਜਿੱਥੇ ਰਾਜੀਵ ਗਾਂਧੀ ਦਾ ਨਾਮ ਲਿਖਿਆ ਹੋਇਆ ਸੀ, ਉਸ ‘ਤੇ ਕਾਲਖ ਮਲ ਦਿੱਤੀ। ਕਤਲੇਆਮ ਪੀੜਤਾਂ ਦਾ ਕਹਿਣਾ ਹੈ ਕਿ ਰਾਜੀਵ ਗਾਂਧੀ ਹੀ ਦਿੱਲੀ ਕਤਲੇਆਮ ਦਾ ਦੋਸ਼ੀ ਹੈ ਅਤੇ ਉਸ ਦੇ ਨਾਂ ‘ਤੇ ਜੋ ਵੀ ਚੀਜ਼ਾਂ ਹਨ, ਉਹ ਹਟਾ ਦੇਣੀਆਂ ਚਾਹੀਦੀਆਂ ਹਨ। ਇਸ ਦੀ ਥਾਂ ਭਗਤ ਸਿੰਘ ਦਾ ਨਾਂ ਲਿਖ ਦੇਣਾ ਚਾਹੀਦਾ ਹੈ। ਕਤਲੇਆਮ ਪੀੜਤਾਂ ਨੇ ਇਹ ਵੀ ਕਿਹਾ ਕਿ ਦਿੱਲੀ ਵਿਚ ਜਿੱਥੇ-ਜਿੱਥੇ ਵੀ ਰਾਜੀਵ ਗਾਂਧੀ ਦਾ ਨਾਂ ਲਿਖਿਆ ਗਿਆ ਹਨ, ਉਸ ‘ਤੇ ਕਾਲਖ ਮਲ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਲੁਧਿਆਣਾ ਵਿਚ ਵੀ ਅਕਾਲੀ ਦਲ ਦੇ ਦੋ ਵਰਕਰਾਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲ ਦਿੱਤੀ ਸੀ, ਜਿਸ ਵਿਚ ਬਾਅਦ ਵਿਚ ਕਾਂਗਰਸੀ ਆਗੂਆਂ ਨੇ ਦੁੱਧ ਨਾਲ ਧੋਤਾ ਸੀ।
ਪੰਜਾਬ ਯੂਨੀਵਰਸਿਟੀ ‘ਚ ਰਾਜੀਵ ਗਾਂਧੀ ਦੇ ਨਾਂ ਵਾਲੇ ਬੋਰਡ ‘ਤੇ ਮਲੀ ਕਾਲਖ
ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਵਿਚ ਰਾਜੀਵ ਗਾਂਧੀ ਕੋਲੋਂ ‘ਭਾਰਤ ਰਤਨ’ ਵਾਪਸ ਲੈਣ ਦੀ ਉਠੀ ਮੰਗ ਹੁਣ ਹੋਰ ਜ਼ੋਰ ਫੜਦੀ ਜਾ ਰਹੀ ਹੈ। ਇਸਦੇ ਚੱਲਦਿਆਂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਰਾਜੀਵ ਗਾਂਧੀ ਦੇ ਨਾਂ ਵਾਲੇ ਬੋਰਡ ‘ਤੇ ਕਾਲੀ ਸਿਆਹੀ ਮਲ ਦਿੱਤੀ ਗਈ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਬਾਰੇ ਹਾਲੇ ਤਕ ਨਹੀਂ ਪਤਾ ਲੱਗਾ। ਇਸ ਸਬੰਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਕਰਾਉਣ ਤੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ‘ਤੇ ਸਖਤ ਕਾਰਵਾਈ ਕਰਨ ਦੀ ਵੀ ਗੱਲ ਆਖੀ।
ਰਾਜੀਵ ਗਾਂਧੀ ਕੋਲੋਂ ‘ਭਾਰਤ ਰਤਨ’ ਵਾਪਸ ਲੈਣ ਦੀ ਉਠੀ ਮੰਗ
ਚੰਡੀਗੜ੍ਹ : ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ ‘ਭਾਰਤ ਰਤਨ’ ਵਾਪਸ ਲੈਣ ਦੀ ਉਠ ਰਹੀ ਮੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਰਾਜੀਵ ਗਾਂਧੀ ਨੂੰ ‘ਭਾਰਤ ਰਤਨ’ ਦੇਸ਼ ਲਈ ਕੁਰਬਾਨ ਹੋਣ ਤੋਂ ਬਾਅਦ ਦਿੱਤਾ ਗਿਆ ਹੈ। ਧਿਆਨ ਰਹੇ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਆਮ ਆਦਮੀ ਪਾਰਟੀ ਨੇ ਕੀਤੀ ਸੀ ਤੇ ਇਸ ਤੋਂ ਬਾਅਦ ਅਕਾਲੀ ਦਲ ਅਤੇ ਸਿੱਖ ਕਤਲੇਆਮ ਦੇ ਪੀੜਤ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਰਹੇ ਹਨ। ਜਾਖੜ ਨੇ ਕਿਹਾ ਕਿ ਜਿਥੋਂ ਤੱਕ ਸਿੱਖ ਕਤਲੇਆਮ ਦਾ ਸਬੰਧ ਹੈ, ਉਸ ਵਿਚ ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਮ ਨਹੀਂ ਆਇਆ ਅਤੇ ਉਨ੍ਹਾਂ ਦੀ ਇਸ ਵਿਚ ਕੋਈ ਸ਼ਮੂਲੀਅਤ ਵੀ ਨਹੀਂ ਸੀ। ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਆਪਣਾ ਅਧਾਰ ਗੁਆ ਚੁੱਕੀਆਂ ਹਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਮੁੱਦੇ ਉਠਾ ਰਹੀਆਂ ਹਨ।

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …