Breaking News
Home / ਪੰਜਾਬ / ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਵਿਧਾਇਕ ਦੇਣ ਅਸਤੀਫੇ

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਵਿਧਾਇਕ ਦੇਣ ਅਸਤੀਫੇ

ਬੇਅਦਬੀ ਮਾਮਲੇ ‘ਤੇ ਪਰਦਾ ਪਾਉਣ ਲਈ ਕੈਪਟਨ ਅਤੇ ਬਾਦਲਾਂ ਨੇ ਖੇਡੀ ਦੋਸਤਾਨਾ ਖੇਡ : ਫੂਲਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਪੰਜਾਬ ਵਿਧਾਨ ਸਭਾ ਤੋਂ ਸੁਰਖਰੂ ਹੋਏ ਪਦਮਸ੍ਰੀ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਪੰਜਾਬ ਦੇ ਵਿਧਾਇਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਅਸਤੀਫ਼ਿਆਂ ਦੀ ਝੜੀ ਲਾਉਣ ਦਾ ਹੋਕਾ ਦਿੱਤਾ ਹੈ।
ਉਨ੍ਹਾਂ ਵਿਸ਼ੇਸ਼ ਕਰਕੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਕਾਂਗਰਸੀ ਵਿਧਾਇਕਾਂ ਰਮਨਜੀਤ ਸਿੰਘ ਸਿੱਕੀ ਤੇ ਹਰਮਿੰਦਰ ਸਿੰਘ ਗਿੱਲ, ਬੈਂਸ ਭਰਾਵਾਂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਬੇਅਦਬੀ ਕਾਂਡ ਉਪਰ ਪਰਦਾ ਪਾਉਣ ਲਈ ਕੈਪਟਨ ਅਤੇ ਬਾਦਲਾਂ ਵੱਲੋਂ ਖੇਡੀ ਜਾ ਰਹੀ ਕਥਿਤ ਦੋਸਤਾਨਾ ਖੇਡ ਵਿਰੁੱਧ ਆਪਣੀਆਂ ਜ਼ਮੀਰਾਂ ਦੀ ਅਵਾਜ਼ ਪਛਾਣ ਕੇ ਅਸਤੀਫ਼ੇ ਆਪਣੇ ਗੁਰੂ ਤੋਂ ਵਾਰ ਕੇ ਉਨ੍ਹਾਂ (ਫੂਲਕਾ) ਵਾਂਗ ਰੂਹਾਨੀ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਫੂਲਕਾ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਵਿਧਾਨ ਸਭਾ ਦੇ ਵਿਧਾਇਕ ਆਪਣੇ ਗੁਰੂ ਦੀ 4 ਸਾਲ ਪਹਿਲਾਂ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਸਮਰੱਥ ਨਹੀਂ ਹੋਏ ਤਾਂ ਫਿਰ ਉਨ੍ਹਾਂ ਨੂੰ ਰੋਸ ਵਜੋਂ ਅਸਤੀਫ਼ੇ ਦੇ ਕੇ ਗੁਰੂ ਦਾ ਕਰਜ਼ਾ ਲਾਹੁਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਬੇਅਦਬੀ ਅਤੇ ਬਰਗਾੜੀ ਕਾਂਡਾਂ ਵਿੱਚ ਬਾਦਲਾਂ ਅਤੇ ਸਾਬਕਾ ਡੀਜੀਪੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ ਪਰ ਅੱਜ ਵੀ ਸਿੱਧੂ ਦੀ ਝੋਲੀ ਖਾਲੀ ਹੈ, ਜਿਸ ਕਾਰਨ ਇਖਲਾਕੀ ਤੌਰ ‘ਤੇ ਉਨ੍ਹਾਂ ਨੂੰ ਹੁਣ ਆਪਣੀ ਵਿਧਾਇਕ ਦੀ ਕੁਰਸੀ ‘ਤੇ ਬੈਠਣਾ ਸ਼ੋਭਾ ਨਹੀਂ ਦਿੰਦਾ। ਇਸ ਲਈ ਉਨ੍ਹਾਂ ਨੂੰ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਕੀ ਸਾਲ 2015 ਵਿੱਚ ਅਸਤੀਫ਼ਾ ਦੇ ਕੇ ਗੁਰੂ ਨੂੰ ਸਮਰਪਿਤ ਹੋਏ ਸਨ ਅਤੇ ਹਰਮਿੰਦਰ ਸਿੰਘ ਗਿੱਲ, ਜਿਨ੍ਹਾਂ ਦੀ ਸਿੱਖ ਕੌਮ ਲਈ ਵੱਡੀ ਕੁਰਬਾਨੀ ਹੈ, ਨੂੰ ਵੀ ਰੋਸ ਵਜੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਤੋਂ ਇਲਾਵਾ ਖਹਿਰਾ ਨੂੰ ਵੀ ਅਸਤੀਫ਼ਾ ਦੇ ਕੇ ਇਸ ਰਾਹ ਪੈਣਾ ਦੀ ਅਪੀਲ ਕੀਤੀ। ਫੂਲਕਾ ਨੂੰ ਜਦੋਂ ਪੁੱਛਿਆ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅਸਤੀਫ਼ੇ ਦੇਣ ਲਈ ਕਿਉਂ ਨਹੀਂ ਕਹਿ ਰਹੇ ਤਾਂ ਉਨ੍ਹਾਂ ਕਿਹਾ ਕਿ ਉਹ ਕੇਵਲ ਜਜ਼ਬਾਤੀ ਕਿਸਮ ਦੇ ਵਿਧਾਇਕਾਂ ਨੂੰ ਹੀ ਇਹ ਵੰਗਾਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਅਗਸਤ 2018 ਦੇ ਸੈਸ਼ਨ ਵਿੱਚ ਸਰਕਾਰ ਨੇ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ ਪਰ ਕੈਪਟਨ ਨੇ ਇਸ ਲਈ ਠੋਸ ਯਤਨ ਹੀ ਨਹੀਂ ਕੀਤਾ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਉਹ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਹੋਣਗੇ ਅਤੇ ਨਾ ਹੀ ਕੋਈ ਚੋਣ ਲੜਨਗੇ। ਫੂਲਕਾ ਨੇ ਕਿਹਾ ਕਿ ਉਹ ਜਲਦੀ ਹੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਗਲੀ ਮੁਹਿੰਮ ਦਾ ਖੁਲਾਸਾ ਕਰਨਗੇ।
ਤਨਖਾਹ ਵਾਂਗ ਪੈਨਸ਼ਨ ਵੀ ਲੋਕ ਸੇਵਾ ਵਿੱਚ ਲਾਵਾਂਗਾ
ਐੱਚਐੱਸ ਫੂਲਕਾ ਨੇ ਦੱਸਿਆ ਕਿ ਉਹ ਪਹਿਲਾਂ ਵਿਧਾਇਕ ਦੇ ਅਹੁਦੇ ਦੀ ਮਿਲਦੀ ਤਨਖਾਹ ਹਲਕਾ ਦਾਖਾ ਵਿੱਚ ਚਲਾਈ ਜਾ ਰਹੀ ਮੋਬਾਈਲ ਡਿਸਪੈਂਸਰੀ ‘ਤੇ ਖਰਚਦੇ ਸਨ ਅਤੇ ਹੁਣ ਇਸ ਅਹੁਦੇ ਦੀ ਮਿਲਦੀ ਪੈਨਸ਼ਨ ਵੀ ਇਸੇ ਕੰਮ ਹੀ ਲਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸਤੀਫ਼ਾ ਦੇਣ ਮਗਰੋਂ ਵਿਧਾਨ ਸਭਾ ਵਿੱਚ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਲਦੀ ਚੋਣਾਂ ਕਰਵਾਉਣ ਦਾ ਮਤਾ ਪਾਸ ਕਰਵਾਉਣ ਹੀ ਆਏ ਸਨ ਤੇ ਇਸ ਵਿੱਚ ਸਫਲ ਵੀ ਹੋਏ।

Check Also

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …