Breaking News
Home / ਭਾਰਤ / ਮਹਾਰਾਸ਼ਟਰ ‘ਚ ਏਕਨਾਥ ਸ਼ਿੰਦੇ ਸਰਕਾਰ ਨੇ ਬਹੁਮਤ ਹਾਸਲ ਕੀਤਾ

ਮਹਾਰਾਸ਼ਟਰ ‘ਚ ਏਕਨਾਥ ਸ਼ਿੰਦੇ ਸਰਕਾਰ ਨੇ ਬਹੁਮਤ ਹਾਸਲ ਕੀਤਾ

164 ਵਿਧਾਇਕ ਹੱਕ ਵਿੱਚ ਤੇ 99 ਵਿਰੋਧ ਵਿੱਚ ਭੁਗਤੇ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵਿਧਾਨ ਸਭਾ ‘ਚ ਭਰੋਸੇ ਦਾ ਵੋਟ ਆਸਾਨੀ ਨਾਲ ਜਿੱਤ ਲਿਆ। ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਹੋਈ ਵੋਟਿੰਗ ਦੌਰਾਨ 288 ‘ਚੋਂ 164 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਹੱਕ ‘ਚ ਵੋਟ ਪਾਏ ਜਦਕਿ 99 ਨੇ ਮਤੇ ਦਾ ਵਿਰੋਧ ਕੀਤਾ। ਤਿੰਨ ਵਿਧਾਇਕਾਂ ਅਬੂ ਆਜ਼ਮੀ ਤੇ ਰਈਸ ਸ਼ੇਖ (ਸਮਾਜਵਾਦੀ ਪਾਰਟੀ) ਅਤੇ ਸ਼ਾਹ ਫਾਰੂਖ਼ ਅਨਵਰ (ਏਆਈਐੱਮਆਈਐੱਮ) ਨੇ ਵੋਟ ਨਹੀਂ ਪਾਈ ਜਦਕਿ ਕਾਂਗਰਸ ਦੇ ਅਸ਼ੋਕ ਚਵਾਨ ਅਤੇ ਵਿਜੈ ਵਾਡੇਤੀਵਾਰ ਸਮੇਤ 21 ਵਿਧਾਇਕ ਵੋਟਿੰਗ ਦੌਰਾਨ ਗੈਰਹਾਜ਼ਰ ਰਹੇ।
ਚਵਾਨ ਅਤੇ ਵਾਡੇਤੀਵਾਰ ਦੇਰੀ ਨਾਲ ਵਿਧਾਨ ਸਭਾ ਪਹੁੰਚੇ ਸਨ ਜਿਸ ਕਾਰਨ ਉਹ ਸਦਨ ਅੰਦਰ ਦਾਖ਼ਲ ਨਹੀਂ ਹੋ ਸਕੇ। ਕਾਂਗਰਸ ਦੇ ਜਿਹੜੇ ਵਿਧਾਇਕ ਗ਼ੈਰਹਾਜ਼ਰ ਰਹੇ, ਉਨ੍ਹਾਂ ‘ਚ ਧੀਰਜ ਦੇਸ਼ਮੁਖ, ਪ੍ਰਨੀਤੀ ਸ਼ਿੰਦੇ, ਜਿਤੇਸ਼ ਅੰਤਾਪੁਰਕਰ, ਜ਼ੀਸ਼ਾਨ ਸਿੱਦੀਕੀ, ਰਾਜੂ ਆਵਲੇ, ਮੋਹਨ ਹੰਬਾਰਦੇ, ਕੁਨਾਲ ਪਾਟਿਲ, ਮਾਧਵਰਾਓ ਜਾਵਲਗਾਓਂਕਰ ਅਤੇ ਸਿਰੀਸ਼ ਚੌਧਰੀ ਸ਼ਾਮਲ ਹਨ।
ਐੱਨਸੀਪੀ ਦੇ ਅਨਿਲ ਦੇਸ਼ਮੁਖ, ਨਵਾਬ ਮਲਿਕ, ਦੱਤਾਤ੍ਰੇਯ ਭਰਾਨੇ, ਅੰਨਾ ਬਨਸੋੜੇ, ਬੱਬਨਦਾਦਾ ਸ਼ਿੰਦੇ ਅਤੇ ਸੰਗਰਾਮ ਜਗਤਾਪ ਸਦਨ ‘ਚੋਂ ਗ਼ੈਰਹਾਜ਼ਰ ਰਹੇ। ਦੇਸ਼ਮੁਖ ਅਤੇ ਮਲਿਕ ਭ੍ਰਿਸ਼ਟਾਚਾਰ ਦੇ ਕੇਸ ‘ਚ ਜੇਲ੍ਹ ਅੰਦਰ ਬੰਦ ਹਨ।
ਭਾਜਪਾ ਦੇ ਦੋ ਵਿਧਾਇਕ ਮੁਕਤਾ ਤਿਲਕ ਅਤੇ ਲਕਸ਼ਮਣ ਜਗਤਾਪ ਬਿਮਾਰ ਹੋਣ ਕਾਰਨ ਸਦਨ ‘ਚ ਨਹੀਂ ਆਏ ਜਦਕਿ ਰਾਹੁਲ ਨਾਰਵੇਕਰ ਸਪੀਕਰ ਹੋਣ ਕਾਰਨ ਵੋਟ ਨਹੀਂ ਪਾ ਸਕੇ। ਏਆਈਐੱਮਆਈਐੱਮ ਦਾ ਵਿਧਾਇਕ ਮੁਫ਼ਤੀ ਮੁਹੰਮਦ ਇਸਮਾਈਲ ਵੀ ਸਦਨ ‘ਚੋਂ ਗ਼ੈਰਹਾਜ਼ਰ ਰਿਹਾ। ਭਰੋਸੇ ਦੇ ਵੋਟ ਤੋਂ ਪਹਿਲਾਂ ਸ਼ਿਵ ਸੈਨਾ ਦਾ ਇਕ ਹੋਰ ਵਿਧਾਇਕ ਸੰਤੋਸ਼ ਬਾਂਗੜ, ਸ਼ਿੰਦੇ ਧੜੇ ਨਾਲ ਜਾ ਰਲਿਆ ਜਿਸ ਨਾਲ ਬਾਗ਼ੀ ਵਿਧਾਇਕਾਂ ਦੀ ਗਿਣਤੀ ਵਧ ਕੇ 40 ਹੋ ਗਈ। ਭਰੋਸੇ ਦਾ ਵੋਟ ਜਿੱਤਣ ਮਗਰੋਂ ਆਪਣੇ ਸੰਬੋਧਨ ‘ਚ ਫੜਨਵੀਸ ਨੇ ਕਿਹਾ ਕਿ ਜਦੋਂ ਕੁਝ ਵਿਧਾਇਕ ਵੋਟਿੰਗ ਕਰ ਰਹੇ ਸਨ ਤਾਂ ਵਿਰੋਧੀ ਧਿਰ ਦੇ ਮੈਂਬਰ ‘ਈਡੀ-ਈਡੀ’ ਦੇ ਨਾਅਰੇ ਲਗਾ ਰਹੇ ਸਨ।
ਭਾਜਪਾ ਆਗੂ ਨੇ ਕਿਹਾ,”ਇਹ ਸੱਚ ਹੈ ਕਿ ਨਵੀਂ ਸਰਕਾਰ ਈਡੀ ਵੱਲੋਂ ਬਣਾਈ ਗਈ ਹੈ। ਈਡੀ ਤੋਂ ਭਾਵ ਹੈ ਏਕਨਾਥ ਅਤੇ ਦੇਵੇਂਦਰ।’
ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦਾ ਨਾਮ ਲਏ ਬਿਨਾਂ ਫੜਨਵੀਸ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ‘ਚ ਪਿਛਲੇ ਕੁਝ ਸਾਲਾਂ ਤੋਂ ਲੀਡਰਸ਼ਿਪ ਦੀ ਕਮੀ ਦੇਖਣ ਨੂੰ ਮਿਲੀ ਹੈ। ‘ਪਰ ਹੁਣ ਸਦਨ ‘ਚ ਦੋ ਆਗੂ (ਸ਼ਿੰਦੇ ਅਤੇ ਫੜਨਵੀਸ) ਹਨ ਜੋ ਲੋਕਾਂ ਲਈ ਹਮੇਸ਼ਾ ਮੌਜੂਦ ਰਹਿਣਗੇ।’
ਸ਼ਿਵ ਸੈਨਾ ਦੇ ਇਕ ਵਿਧਾਇਕ ਦੀ ਮੌਤ ਹੋਣ ਕਾਰਨ ਵਿਧਾਨ ਸਭਾ ‘ਚ ਮੈਂਬਰਾਂ ਦੀ ਕੁੱਲ ਗਿਣਤੀ 287 ਰਹਿ ਗਈ ਹੈ ਜਿਸ ਕਾਰਨ ਬਹੁਮਤ ਦਾ ਅੰਕੜਾ 144 ਰਹਿ ਗਿਆ ਸੀ। ਪਿਛਲੇ ਮਹੀਨੇ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਖਿਲਾਫ ਬਗ਼ਾਵਤ ਕਰ ਦਿੱਤੀ ਸੀ ਅਤੇ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਉਨ੍ਹਾਂ ਨਾਲ ਰਲ ਗਏ ਸਨ ਜਿਸ ਕਾਰਨ ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਗਾੜੀ ਸਰਕਾਰ ਡਿੱਗ ਗਈ ਸੀ।
ਸ਼ਿੰਦੇ ਨੇ 30 ਜੂਨ ਨੂੰ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲਿਆ ਸੀ ਅਤੇ ਭਾਜਪਾ ਦੇ ਦੇਵੇਂਦਰ ਫੜਨਵੀਸ ਉਨ੍ਹਾਂ ਦੇ ਡਿਪਟੀ ਬਣੇ ਸਨ।

 

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …