15.6 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼ਘੁੰਮਣ ਗਏ ਫ਼ੌਜੀਆਂ ਨੂੰ ਵਾਪਸ ਕੈਨੇਡਾ ਮੁੜਨ ਦੇ ਹੁਕਮ

ਘੁੰਮਣ ਗਏ ਫ਼ੌਜੀਆਂ ਨੂੰ ਵਾਪਸ ਕੈਨੇਡਾ ਮੁੜਨ ਦੇ ਹੁਕਮ

ਟੋਰਾਂਟੋ/ ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਵਧਣਾ ਜਾਰੀ ਹੈ ਅਤੇ ਹੁਣ ਤੱਕ ਉਨਟਾਰੀਓ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ਭਰ ‘ਚ ਐਮਰਜੈਂਸੀ ਦਾ ਐਲਾਨ ਕਰਨ ਵਾਸਤੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਏ ਜਾਣ ਦੀ ਤਿਆਰੀ ‘ਚ ਹਨ। ਇਸੇ ਦੌਰਾਨ ਕੈਨੇਡੀਅਨ ਥਲ ਸੈਨਾ ਦੇ ਮੁਖੀ ਜੋਨਾਥਨ ਵੈਂਸ ਨੇ ਲਿਖਤੀ ਹੁਕਮ ਜਾਰੀ ਕਰਕੇ ਵਿਦੇਸ਼ਾਂ ‘ਚ ਸੈਰ ਕਰਨ (ਜਾਂ ਹੋਰ ਨਿੱਜੀ ਕਾਰਨਾਂ ਕਰਕੇ) ਛੁੱਟੀ ਗਏ ਫੌਜੀਆਂ ਨੂੰ ਤੁਰੰਤ ਆਪਣੇ ਦੇਸ਼ ਮੁੜਨ ਦਾ ਹੁਕਮ ਦਿੱਤਾ ਹੈ। ਕੈਨੇਡਾ ਪੁੱਜ ਕੇ ਉਹ ਡਿਊਟੀ ਵਾਲੀ ਫੌਜੀ ਪੋਸਟ ‘ਤੇ ਰਿਪੋਰਟ ਕਰਨਗੇ ਤੇ 14 ਦਿਨ ਇਕੱਲੇ ਰਹਿਣਗੇ, ਉਪਰੰਤ ਡਿਊਟੀ ‘ਤੇ ਵਾਪਸ ਜਾਣਗੇ। ਇਹ ਹੁਕਮ ਮੱਧ ਪੂਰਬੀ ਦੇਸ਼ਾਂ, ਯੂਰਪ ਅਤੇ ਕੁਝ ਹੋਰ ਦੇਸ਼ਾਂ ‘ਚ ਫੌਜੀ ਮਿਸ਼ਨ ‘ਤੇ ਭੇਜੇ ਫੌਜੀਆਂ ‘ਤੇ ਲਾਗੂ ਨਹੀਂ ਹੋਣਗੇ। ਇਸ ਦੇ ਨਾਲ ਹੀ ਫੌਜੀ ਜਵਾਨਾਂ ਨੂੰ ਦੇਸ਼ ‘ਚ ਆਮ ਹਵਾਈ, ਰੇਲ ਅਤੇ ਬੱਸ ਵਿਚ ਸਫਰ ਕਰਨ ਤੋਂ ਮਨਾਂ ਕੀਤਾ ਗਿਆ ਹੈ। ਉਨ੍ਹਾਂ ਨੂੰ ਆਪਣੇ ਘਰਾਂ ਅਤੇ ਡਿਊਟੀ ਵਾਲੇ ਫੌਜੀ ਬੇਸ ਤੋਂ 250 ਕਿੱਲੋਮੀਟਰ ਤੋਂ ਵਧ ਦੂਰ ਜਾਣ ਤੋਂ ਵੀ ਰੋਕ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੇਸ਼ ‘ਚ ਐਮਰਜੈਂਸੀ ਲੱਗਣ ਦੀ ਹਾਲਤ ਵਿਚ ਰਾਹਤ ਕਾਰਜਾਂ ਵਾਸਤੇ ਫੌਜ ਦੀ ਮਦਦ ਲਈ ਜਾ ਸਕਦੀ ਹੈ। ਇਸੇ ਦੌਰਾਨ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਵਲੋਂ ਦੋਵਾਂ ਦੇਸ਼ਾਂ ‘ਚ ਸੈਰ-ਸਪਾਟੇ ਵਾਸਤੇ ਆਵਾਜਾਈ ਆਰਜ਼ੀ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਹ ਕਦਮ ਉਠਾਉਣਾ ਪਿਆ ਹੈ, ਜਿਸ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ (ਟਰੱਕ, ਮਾਲ ਗੱਡੀਆਂ ਅਤੇ ਜਹਾਜ਼) ਆਵਾਜਾਈ ਜਾਰੀ ਰਹੇਗੀ।

RELATED ARTICLES
POPULAR POSTS