-2.3 C
Toronto
Thursday, December 4, 2025
spot_img
Homeਪੰਜਾਬਸਿਆਸਤ ਲੋਕ ਭਲਾਈ ਦੀ ਥਾਂ ਨਿੱਜੀ ਚਿੱਕੜ ਉਛਾਲਣ ਵੱਲ ਤੁਰੀ : ਨਵਜੋਤ...

ਸਿਆਸਤ ਲੋਕ ਭਲਾਈ ਦੀ ਥਾਂ ਨਿੱਜੀ ਚਿੱਕੜ ਉਛਾਲਣ ਵੱਲ ਤੁਰੀ : ਨਵਜੋਤ ਸਿੱਧੂ

ਸਾਬਕਾ ਕਾਂਗਰਸ ਪ੍ਰਧਾਨ ਵੱਲੋਂ ਬਾਦਲ, ਕੈਪਟਨ ਤੇ ਚੰਨੀ ਸਣੇ ‘ਆਪ’ ਦੀ ਆਲੋਚਨਾ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿਆਸੀ ਵਿਚਾਰ-ਚਰਚਾ ਲੋਕ ਭਲਾਈ ਦੁਆਲੇ ਘੁੰਮਣੀ ਚਾਹੀਦੀ ਹੈ ਨਾ ਕਿ ਇਕ-ਦੂਜੇ ਖਿਲਾਫ ਨਿੱਜੀ ਤੌਰ ‘ਤੇ ਚਿੱਕੜ ਉਛਾਲਣਾ ਚਾਹੀਦਾ ਹੈ। ਪਟਿਆਲਾ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਭਲਾਈ ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਲੜਾਈ ਹੋਈ ਹੈ। ਉਹ ਪੰਜਾਬ ਦੇ ਨਹੀਂ, ਸਗੋਂ ਆਪਣੇ ਨਿੱਜੀ ਹਿੱਤਾਂ ਬਾਰੇ ਸੋਚਦੇ ਸੀ। ਆਪਣੇ ਘਰ ਨੂੰ ਸਿੰਜਣ ਲਈ ਉਨ੍ਹਾਂ ਪੰਜਾਬ ਦਾ ਨੁਕਸਾਨ ਕੀਤਾ। ਰੇਤ ਅਤੇ ਸ਼ਰਾਬ ਤੋਂ 50 ਹਜ਼ਾਰ ਕਰੋੜ ਰੁਪਏ ਕਮਾਉਣ ਵਾਲੇ ਰਾਜਾਂ ਨਾਲੋਂ ਇੱਥੇ ਕਈ ਗੁਣਾ ਜ਼ਿਆਦਾ ਸਰੋਤ ਹਨ, ਪਰ ਪੰਜਾਬ ਵਿਕ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਾਰਾ ਪੈਸਾ ਵਿਆਜ ਅਦਾ ਕਰਨ ‘ਤੇ ਖ਼ਰਚਿਆ ਜਾ ਰਿਹਾ ਹੈ।
ਪੰਜਾਬ ਵਿੱਚ ਅਕਾਲੀ ਦਲ 15 ਹਜ਼ਾਰ, ਕਾਂਗਰਸ 20 ਹਜ਼ਾਰ ਰੁਪਏ ਲੈਂਦਾ ਸੀ ਅਤੇ ‘ਆਪ’ ਵਾਲੇ 35 ਹਜ਼ਾਰ ਕਰੋੜ ਰੁਪਏ ਤੱਕ ਕਰਜ਼ਾ ਲੈਣ ਲਈ ਪਹੁੰਚ ਗਏ ਹਨ। ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਲੋਕਾਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਨੋਟਾ ਨਾਲੋਂ ਘੱਟ ਵੋਟਾਂ ਪਈਆਂ।
ਨਵਜੋਤ ਸਿੱਧੂ ਨੇ ਕਿਹਾ ਕਿ ਪੀਐੱਸਪੀਸੀਐੱਲ ‘ਤੇ 17 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ, ਹੁਣ ਇਹ ਕਰਜ਼ਾ 25 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ ਅਤੇ ਦੂਜੇ ਸਾਲ ਦੇ ਅਖੀਰ ਤੱਕ ਇਹ ਅੰਕੜਾ 30 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ‘ਆਪ’ ਸਰਕਾਰ ਦੋ ਸਾਲਾਂ ਵਿੱਚ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਵੇਗੀ, ਜਿਸ ਦਾ ਵਿਆਜ ਵੀ ਉਤਾਰਨਾ ਔਖਾ ਹੋਵੇਗਾ।
ਉਨ੍ਹਾਂ ਕਿਹਾ ਕਿ ‘ਆਪ’ ਨੇ ਨਸ਼ੇ ਨੂੰ ਖ਼ਤਮ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਕੁੱਝ ਨਹੀਂ ਹੋਇਆ। ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਅੱਠ ਹਜ਼ਾਰ ਕਰੋੜ ਰੁਪਏ ਇਸ ਲਈ ਰੋਕ ਲਏ ਕਿਉਂਕਿ ਇਹ ਫੰਡ ਡਾਇਵਰਟ ਕਰਦਾ ਹੈ। ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਉਹ ਆਪਣੀ ਜੇਬ ਵਿੱਚ 54,000 ਕਰੋੜ ਰੁਪਏ ਲੈ ਕੇ ਘੁੰਮ ਰਹੇ ਹਨ ਪਰ ਇਸ ਵਿੱਚੋਂ 100 ਕਰੋੜ ਰੁਪਏ ਵੀ ਨਹੀਂ ਆਏ।

RELATED ARTICLES
POPULAR POSTS