
ਲੌਂਗੋਵਾਲ ਨੇ 3 ਸ਼੍ਰੋਮਣੀ ਕਮੇਟੀ ਮੁਲਾਜ਼ਮ ਕੀਤੇ ਮੁਅੱਤਲ
ਅੰਮ੍ਰਿਤਸਰ/ਬਿਊਰੋ ਨਿਊਜ਼
ਸੁੱਚਾ ਸਿੰਘ ਲੰਗਾਹ ਨੂੰ ਗੁਰਦਾਸਪੁਰ ਵਿਚ ਪੈਂਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਗੜ੍ਹੀ ਵਿਚ ਪੰਜਾਂ ਪਿਆਰਿਆਂ ਵਲੋਂ 21 ਦਿਨ ਦੀ ਤਨਖਾਹ ਲਗਾ ਕੇ ਮੁੜ ਅੰਮ੍ਰਿਤ ਛਕਾ ਦਿੱਤਾ ਗਿਆ। ਜਦੋਂ ਕਿ ਅਕਾਲ ਤਖਤ ਸਾਹਿਬ ਵਲੋਂ ਲੰਗਾਹ ਨੂੰ ਕੋਈ ਮੁਆਫੀ ਅਜੇ ਤੱਕ ਨਹੀਂ ਦਿੱਤੀ ਗਈ। ਇਸੇ ਦੌਰਾਨ ਲੰਗਾਹ ਨੂੰ ਦਿੱਤੀ ਗਈ ਮੁਆਫੀ ਖਿਲਾਫ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦੇਣ ਪਹੁੰਚੇ। ਧਿਆਨ ਰਹੇ ਕਿ ਸੁੱਚਾ ਸਿੰਘ ਲੰਗਾਹ ਨੂੰ ਜਿਨਸ਼ੀ ਸ਼ੋਸ਼ਣ ਦੇ ਮਾਮਲੇ ਵਿਚ ਅਕਾਲ ਤਖਤ ਸਾਹਿਬ ਵਲੋਂ ਪੰਥ ‘ਚੋਂ ਛੇਕ ਦਿੱਤਾ ਗਿਆ ਸੀ। ਲੰਗਾਹ ਨੂੰ ਦੁਬਾਰਾ ਅੰਮ੍ਰਿਤ ਛਕਾਉਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖਫਾ ਹੋ ਕੇ ਸ਼੍ਰੋਮਣੀ ਕਮੇਟੀ ਦੇ 3 ਮੁਲਾਜ਼ਮਾਂ ਨੂੰ ਮੁਅੱਤਲ ਵੀ ਕਰ ਦਿੱਤਾ ਹੈ।