ਲੌਂਗੋਵਾਲ/ਬਿਊਰੋ ਨਿਊਜ਼ : ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕਰਵਾਈ ਗਈ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਸੰਸਥਾਵਾਂ ਅਤੇ ਸਿੱਖ ਰਵਾਇਤਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚਣ ਵਾਲੀਆਂ ਪੰਥ ਵਿਰੋਧੀ ਤਾਕਤਾਂ ਨੂੰ ਹਰਾਉਣ ਲਈ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਹੈ।
ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਤ ਲੌਂਗੋਵਾਲ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਦੇ ਮਸੀਹਾ ਸਨ, ਜਿਨ੍ਹਾਂ ਦੀ ਸੋਚ ਅਤੇ ਸ਼ਹਾਦਤ ਤੋਂ ਸਿਰਫ਼ ਅਕਾਲੀ ਦਲ ਹੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਪੰਜਾਬ, ਪੰਥ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਉਨ੍ਹਾਂ ਪੰਜਾਬ ਨੂੰ ਬਚਾਉਣ ਲਈ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ। ਸੁਖਬੀਰ ਨੇ ਦੇਸ਼ ਵਿਚ ਧਰਮ ਦੇ ਨਾਂ ‘ਤੇ ਵੰਡੀਆਂ ਪਾਉਣ ਦੀ ਸਿਆਸਤ ‘ਤੇ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਸ਼ਰਮਨਾਕ ਘਟਨਾਵਾਂ ਵਾਪਰੀਆਂ ਹਨ ਪਰ ਸਰਕਾਰਾਂ ਚੁੱਪ ਹਨ। ‘ਆਪ’ ਸਰਕਾਰ ‘ਤੇ ਵਰ੍ਹਦਿਆਂ ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਦਾਅਵਾ ਕਰਦੇ ਸਨ ਕਿ ਬੱਕਰੀ ਅਤੇ ਮੁਰਗੀ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਕਿਸਾਨਾਂ ਨੂੰ ਮੁਆਵਜ਼ਾ ਤਾਂ ਕੀ ਮਿਲਣਾ ਸੀ, ਹਾਲੇ ਤੱਕ ਗਿਰਦਾਵਰੀਆਂ ਵੀ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਜਾਬੀਆਂ ਦੀ ਨਹੀਂ ਸਗੋਂ ਦਿੱਲੀ ਵਾਲਿਆਂ ਦੀ ਸਰਕਾਰ ਚੱਲ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਦੇ ਮੁੱਦੇ ‘ਤੇ ਕਿਹਾ ਕਿ ਗੁਰਦੁਆਰਾ ਅੰਗੀਠਾ ਸਾਹਿਬ ਵਾਲਿਆਂ ਨੂੰ ਜਾਇਦਾਦ ਵੇਚਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ 25 ਏਕੜ ਦੀ ਰਜਿਸਟਰੀ ਕਰਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਇੱਕ ਮਿੰਟ ‘ਚ ਜ਼ਮੀਨ ਐਕੁਆਇਰ ਕਰ ਸਕਦੀ ਹੈ। ਐਸਜੀਪੀਸੀ ਮਤਾ ਪਾਸ ਕਰ ਕੇ ਸਰਕਾਰ ਨੂੰ ਭੇਜ ਚੁੱਕੀ ਹੈ ਕਿ ਜ਼ਮੀਨ ਦੇਣ ਲਈ ਤਿਆਰ ਹਾਂ ਪਰ ਸ਼੍ਰੋਮਣੀ ਕਮੇਟੀ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਸਿੰਘ ਮਾਨ, ਵਿਨਰਜੀਤ ਸਿੰਘ, ਬਾਬਾ ਟੇਕ ਸਿੰਘ ਧਨੌਲਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੀ ਸ਼ਰਧਾਂਜਲੀ ਭੇਟ ਕੀਤੀ।
ਸ਼੍ਰੋਮਣੀ ਕਵੀ ਸ਼ਿਵ ਨਾਥ ਦਾ ਦੇਹਾਂਤ
ਮੁਹਾਲੀ : ਸ਼੍ਰੋਮਣੀ ਕਵੀ ਸ਼ਿਵ ਨਾਥ (88) ਦਾ ਮੁਹਾਲੀ ਦੇ ਫੇਜ਼-10 ‘ਚ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਸਨ। ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿੱਚ ਉਨ੍ਹਾਂ ਦਾ ਦੋ ਵਾਰ ਹਰਨੀਆਂ ਦਾ ਅਪਰੇਸ਼ਨ ਵੀ ਹੋਇਆ ਸੀ। ਉਹ ਇਨਫ਼ੈਕਸ਼ਨ ਤੋਂ ਪੀੜਤ ਸਨ। ਉਨ੍ਹਾਂ ਦੇ ਪੁੱਤਰ ਸੁਮੇਲ ਅਤੇ ਨੂੰਹ ਸੰਤੋਸ਼ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਸਕੂਲੀ ਸਿੱਖਿਆ ਤੋਂ ਬਿਲਕੁਲ ਕੋਰੇ ਸ਼ਿਵ ਨਾਥ ਨੇ ਸਮੁੱਚਾ ਜੀਵਨ ਆਮ ਲੋਕਾਂ ਦੇ ਹੱਕਾਂ ਲਈ ਲਿਖਣ ਵਾਸਤੇ ਲਾਇਆ ਅਤੇ ਵੱਖ-ਵੱਖ ਵਿਧਾਵਾਂ ਦੀਆਂ 21 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ। ਉਨ੍ਹਾਂ ਦੀਆਂ ਪ੍ਰਮੁੱਖ ਪੁਸਤਕਾਂ ਵਿੱਚ ਕਾਵਿ-ਸੰਗ੍ਰਿਹ: ‘ਬੋਝਲ ਹਵਾ’, ‘ਬਦਤਮੀਜ਼’, ‘ਅਸੀਂ ਕਤਰੇ ਹੀ ਸਹੀ’, ‘ਅੰਤਿਮ ਲੜਾਈ’, ‘ਮੈਂ ਦੀਵੇ ਕਿਸ ਤਰ੍ਹਾਂ ਬਾਲਾਂ’, ‘ਜਗਿਆਸਾ’, ‘ਵਰਜਿਤ ਫਲ’, ‘ਬਿਜਲੀ ਕੜਕੇ’, ‘ਸਰਘੀ ਦਾ ਸੁਫ਼ਨਾ’, ‘ਭੂਮੀ ਪੂਜਣ’, ‘ਪਛਤਾਵਾ’, ਕਹਾਣੀ ਸੰਗ੍ਰਹਿ: ‘ਇਸ ਪਾਰ ਉਸ ਪਾਰ’ ਤੇ ਹੋਰ ਸ਼ਾਮਲ ਹਨ। ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਮੁਹਾਲੀ ਸਾਹਿਤ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ, ਜਨਰਲ ਸਕੱਤਰ ਡਾ. ਸਵੈਰਾਜ ਸੰਧੂ, ਨਿਰਮਲ ਸਿੰਘ ਬਾਸੀ, ਇੰਦਰਜੀਤ ਸਿੰਘ ਜਾਵਾ ਅਤੇ ਪਰਮਿੰਦਰ ਸਿੰਘ ਗਿੱਲ ਨੇ ਵੀ ਸ਼੍ਰੋਮਣੀ ਕਵੀ ਸ਼ਿਵ ਨਾਥ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …