ਰਾਹੁਲ ਤਿਆਰ ਨਹੀਂ ਅਤੇ ਕਮਾਨ ਸੋਨੀਆ ਗਾਂਧੀ ਕੋਲ ਹੀ ਰਹੇਗੀ
ਨਵੀਂ ਦਿੱਲੀ/ਬਿਊੁਰੋ ਨਿਊਜ਼
ਕਾਂਗਰਸ ਪਾਰਟੀ ਵਿਚ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਅਗਲੇ 20 ਦਿਨਾਂ ਵਿਚ ਖਤਮ ਹੋ ਸਕਦੀ ਹੈ। ਰਾਹੁਲ ਗਾਂਧੀ ਨੇ ਇਕ ਵਾਰ ਫਿਰ ਸਾਫ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਸੂਰਤ ਵਿਚ ਪਾਰਟੀ ਪ੍ਰਧਾਨ ਬਣਨ ਲਈ ਤਿਆਰ ਨਹੀਂ ਹਨ। ਕਾਂਗਰਸ ਪਾਰਟੀ ਗਾਂਧੀ ਪਰਿਵਾਰ ਤੋਂ ਬਾਹਰੋਂ ਕਿਸੇ ਨੂੰ ਨਵਾਂ ਪ੍ਰਧਾਨ ਚੁਣੇ। ਹਾਲਾਂਕਿ ਕਾਂਗਰਸ ਦੇ ਆਗੂ ਇਸ ਲਈ ਤਿਆਰ ਨਹੀਂ ਹਨ ਅਤੇ ਅਜਿਹੇ ਵਿਚ ਇਕ ਨਵਾਂ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨਵੇਂ ਫਾਰਮੂਲੇ ਦੇ ਤਹਿਤ ਅਗਲੇ 5 ਸਾਲ ਲਈ ਸੋਨੀਆ ਗਾਂਧੀ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣਗੇ। ਉਨ੍ਹਾਂ ਦੇ ਅੰਡਰ ਦੋ ਕਾਰਜਕਾਰੀ ਪ੍ਰਧਾਨ ਜਾਂ ਉਪ ਪ੍ਰਧਾਨ ਬਣਾਏ ਜਾ ਰਹੇ ਹਨ। ਇਕ ਕਾਰਜਕਾਰੀ ਪ੍ਰਧਾਨ ਦੱਖਣ ਅਤੇ ਦੂਜਾ ਉਤਰ ਭਾਰਤ ਵਿਚੋਂ ਬਣਾਏ ਜਾਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਾਰਮੂਲੇ ’ਤੇ ਪਾਰਟੀ ਦੇ ਅੰਦਰ ਸਹਿਮਤੀ ਵੀ ਬਣਦੀ ਨਜ਼ਰ ਆ ਰਹੀ ਹੈ। ਦੱਖਣੀ ਭਾਰਤ ’ਚੋਂ ਕਾਰਜਕਾਰੀ ਪ੍ਰਧਾਨ ਦੇ ਤੌਰ ’ਤੇ ਕਰਨਾਟਕ ਤੋਂ ਮਲਿਕਾ ਅਰਜੁਨ ਖੜਗੇ ਅਤੇ ਕੇਰਲ ਤੋਂ ਰਮੇਸ਼ ਚੇਨਿਥਲਾ ਦਾ ਨਾਮ ਸਭ ਤੋਂ ਅੱਗੇ ਹੈ। ਇਸੇ ਤਰ੍ਹਾਂ ਉਤਰ ਭਾਰਤ ਵਿਚੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜਾਂ ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਵਿਚੋਂ ਕਿਸੇ ਇਕ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ।