ਕਿਸਾਨ ਆਗੂਆਂ ਨੇ ਕਿਹਾ ਕਿ ‘ਜਿੱਤਾਂਗੇ ਜਾਂ ਮਰਾਂਗੇ’
ਤੋਮਰ ਦਾ ਖੇਤੀ ਕਾਨੂੰਨ ਵਾਪਸ ਲੈਣ ਤੋਂ ਇਨਕਾਰ
15 ਜਨਵਰੀ ਨੂੰ ਹੋਵੇਗੀ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਅਗਲੀ ਮੀਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼ :
ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਚੱਲ ਰਹੀ 9ਵੇਂ ਦੌਰ ਦੀ ਮੀਟਿੰਗ ਵਿਚ ਵੀ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ। ਖੇਤੀ ਮੰਤਰੀ ਨਰਿੰਦਰ ਤੋਮਰ ਨੇ ਸਾਫ਼ ਕਿਹਾ ਕਿ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ। ਨਰਿੰਦਰ ਤੋਮਰ ਨੇ ਸਾਫ਼ ਸ਼ਬਦਾਂ ‘ਚ ਆਖਿਆ ਕਿ ਕਾਨੂੰਨ ‘ਚ ਸੋਧਾਂ ਲਈ ਕਿਸਾਨ ਅੱਗੇ ਵਧਣ ਪਰ ਕਾਨੂੰਨ ਰੱਦ ਨਹੀਂ ਹੋਣਗੇ। ਪਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਵੀ ਆਖ ਦਿੱਤਾ ਕਿ ਹੁਣ ਅਸੀਂ ‘ਜਿੱਤਾਂਗੇ ਜਾਂ ਮਰਾਂਗੇ’। ਮੀਟਿੰਗ ਅੰਦਰੋਂ ਆਏ ਕਿਸਾਨ ਆਗੂਆਂ ਨੇ ਦੱਸਿਆ ਕਿ ਨਰਿੰਦਰ ਤੋਮਰ ਦਾ ਰਵੱਈਆ ਪਹਿਲਾਂ ਨਾਲੋਂ ਤਿੱਖਾ ਹੈ ਤੇ ਉਹ ਫੇਰ ਤੋਂ ਕਾਨੂੰਨਾਂ ‘ਚ ਸੋਧ ਕਰਨ ਬਾਰੇ ਗੱਲਾਂ ਕਰ ਰਹੇ ਨੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾ ਵਾਪਸ ਨਹੀਂ ਜਾ ਸਕਦੇ ਤੇ ਮਰਨਾ ਪਸੰਦ ਕਰਨਗੇ। ਕੇਂਦਰ ਸਰਕਾਰ ਦਿੱਲੀ ਬਾਰਡਰ ‘ਤੇ ਬੈਠੇ ਲੱਖਾਂ ਨੌਜਵਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਅੱਜ ਦੀ ਮੀਟਿੰਗ ‘ਚ ਸਰਕਾਰ ਵੱਲੋਂ ਗੱਲਬਾਤ ਲਈ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲ ਮੰਤਰੀ ਪਿਊਸ਼ ਗੋਇਲ ਅਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹਿੱਸਾ ਲਿਆ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੰਤਰੀਆਂ ਨੂੰ ਕਿਹਾ ਕਿ ਤੁਸੀਂ ਜਿੱਦ ‘ਤੇ ਅੜੇ ਹੋਏ ਹੋ ਅਤੇ ਤੁਹਾਡਾ ਇਸ ਮਾਮਲੇ ਨੂੰ ਨਿਪਟਾਉਣ ਦਾ ਕੋਈ ਮਨ ਨਹੀਂ ਹੈ। ਤੁਸੀਂ ਕਿਉਂ ਸਾਡਾ ਸਮਾਂ ਖਰਾਬ ਕਰ ਰਹੇ ਹੋ। ਤੁਸੀਂ ਸਾਫ-ਸਾਫ ਜਵਾਬ ਲਿਖ ਕੇ ਦੇ ਦਿਓ ਅਸੀਂ ਵਾਪਸ ਚਲੇ ਜਾਵਾਂਗੇ। ਹੁਣ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …