ਚੇਨੱਈ : ਡੀਐਮਕੇ ਦੇ ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦਾ ਮੰਗਲਵਾਰ ਨੂੰ ਇਥੇ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ। ਚੇਨੱਈ ਦੇ ਇਕ ਹਸਪਤਾਲ ਵਿੱਚ ਉਹ ਪਿਛਲੇ 11 ਦਿਨਾਂ ਤੋਂ ਦਾਖ਼ਲ ਸਨ। ਮੰਗਲਵਾਰ ਸ਼ਾਮ 6:10 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਤਾਮਿਲਨਾਡੂ ਸਰਕਾਰ ਨੇ ਕਰੁਣਾਨਿਧੀ ਦੀ ਮੌਤ ‘ਤੇ ਸੱਤ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਤਕਰੀਬਨ ਸੱਤ ਦਹਾਕੇ ਤਕ ਤਾਮਿਲਨਾਡੂ ਦੀ ਸਿਆਸਤ ਵਿੱਚ ਸਰਗਰਮ ਰਹੇ ਐਮ ਕਰੁਣਾਨਿਧੀ ਆਪਣੇ ਪਿੱਛੇ ਦੋ ਪਤਨੀਆਂ ਅਤੇ ਛੇ ਬੱਚੇ ਛੱਡ ਗਏ ਹਨ। ਕਾਰਵੇ ਹਸਪਤਾਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਅਰਵਿੰਦਨ ਸੇਲਵਰਾਜ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਵੱਲੋਂ ਬਹੁਤ ਯਤਨ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।ਕਰੁਣਾਨਿਧੀ ਦੀ ਮੌਤ ਮਗਰੋਂ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ। ਕੋਵਿੰਦ ਨੇ ਟਵੀਟ ਕੀਤਾ, ”ਅੱਜ ਸਾਡੇ ਦੇਸ਼ ਨੂੰ ਵੱਡਾ ਘਾਟਾ ਪਿਆ ਹੈ। ਮੇਰੀ ਪਰਿਵਾਰ ਨਾਲ ਅਤੇ ਲੱਖਾਂ ਪ੍ਰਸੰਸਕਾਂ ਨਾਲ ਹਮਦਰਦੀ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਕਰੁਣਾਨਿਧੀ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਗੁਰੂ ਅੰਨਾਦੁਰਈ ਦੀ ਸਮਾਧੀ ਨੇੜੇ ਮਰੀਨਾ ਬੀਚ ‘ਤੇ ਦਫਨਾਏ ਗਏ ਕਰੁਣਾਨਿਧੀ, ਭਗਦੜ ਵਿਚ ਦੋ ਮੌਤਾਂ, 30 ਜ਼ਖ਼ਮੀ
ਚੇਨਈ : ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਨੂੰ ਬੁੱਧਵਾਰ ਸ਼ਾਮ ਰਾਸ਼ਟਰੀ ਸਨਮਾਨਾਂ ਨਾਲ ਮਰੀਨ ਬੀਚ ‘ਤੇ ਉਨ੍ਹਾਂ ਦੇ ਗੁਰੂ ਸੀਐਨ ਅੰਨਾਦੁਰਈ ਦੀ ਸਮਾਧੀ ਨੇੜੇ ਦਫਨਾਇਆ ਗਿਆ। ਮੰਗਲਵਾਰ ਨੂੰ ਸਰਕਾਰ ਨੇ ਉਨ੍ਹਾਂ ਦਫਨਾਉਣ ਲਈ ਮਰੀਨਾ ਬੀਚ ‘ਤੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਡੀਐਮਕੇ ਰਾਤ ਨੂੰ ਹੀ ਹਾਈਕੋਰਟ ਪਹੁੰਚੀ। ਅਦਾਲਤ ਨੇ ਸਵੇਰੇ 9 ਵਜੇ ਮਰੀਨਾ ਬੀਚ ‘ਤੇ ਹੀ ਦਫਨਾਉਣ ਦਾ ਫੈਸਲਾ ਸੁਣਾਇਆ। ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਰਾਜਾਜੀ ਹਾਲ ਦੇ ਬਾਹਰ ਪਹੁੰਚੇ। ਉਥੇ ਭਗਦੜ ਮਚਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਵਿਅਕਤੀ ਜ਼ਖ਼ਮੀ ਹੋ ਗਏ।
ਓਬੀਸੀ ਕਮਿਸ਼ਨ ਨੂੰ ਮਿਲਿਆ ਸੰਵਿਧਾਨਕ ਦਰਜਾ
ਰਾਜ ਸਭਾ ਵਿਚ ਥਾਵਰਚੰਦ ਗਹਿਲੋਤ ਨੇ ਪਾਰਟੀਆਂ ਨੂੰ ਕੀਤੀ ਸਰਬ ਸੰਮਤੀ ਨਾਲ ਪਾਸ ਕਰਨ ਦੀ ਅਪੀਲ, ਕਾਂਗਰਸ ਨੇ ਕੀਤੀ ਹਮਾਇਤ
ਨਵੀਂ ਦਿੱਲੀ : ਹੋਰ ਪੱਛੜਾ ਵਰਗ (ਓਬੀਸੀ) ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਵਾਲੇ ਬਿੱਲ ਨੂੰ ਰੋਕਣ ਦੇ ਲੱਗ ਰਹੇ ਦੋਸ਼ਾਂ ਤੋਂ ਕਾਂਗਰਸ ਨੇ ਆਖਰਕਾਰ ਆਪਣਾ ਪਿੱਛਾ ਛੁਡਾ ਲਿਆ। ਲੋਕ ਸਭਾ ਤੋਂ ਬਾਅਦ ਸੋਮਵਾਰ ਨੂੰ ਕਾਂਗਰਸ ਨੇ ਰਾਜ ਸਭਾ ਵਿਚ ਵੀ ਇਸ ਬਿੱਲ ਦਾ ਖੁੱਲ੍ਹ ਕੇ ਸਮਰਥਨ ਕੀਤਾ ਤੇ ਇਹ ਸਰਬਸੰਮਤੀ ਨਾਲ ਪਾਸ ਹੋ ਗਿਆ। ਹਾਲਾਂਕਿ ਇਸ ਦੌਰਾਨ ਉਹ ਪੁਰਾਣੇ ਮੁੱਦਿਆਂ ਨੂੰ ਉਠਾਉਣ ਤੋਂ ਪਿੱਛੇ ਨਹੀਂ ਹਟੀ, ਪਰ ਇਸਦਾ ਧਿਆਨ ਰੱਖਿਆ ਕਿ ਬਿੱਲ ਪਾਸ ਹੋਣ ‘ਚ ਕੋਈ ਅੜਿੱਕਾ ਨਾ ਪਵੇ। ਹੁਣ ਇਸ ਬਿੱਲ ਨੂੰ ਰਸਮੀ ਤੌਰ ‘ਤੇ ਰਾਸ਼ਟਰਪਤੀ ਦੀ ਮਨਜੂਰੀ ਮਿਲਣੀ ਬਾਕੀ ਹੈ। ਇਸ ਤੋਂ ਬਾਅਦ ਇਹ ਕਾਨੂੰਨ ਅਮਲ ‘ਚ ਆ ਜਾਵੇਗਾ।
ਰਾਜ ਸਭਾ ‘ਚ ਚੱਲੀ ਕਰੀਬ ਚਾਰ ਘੰਟੇ ਦੀ ਚਰਚਾ ਤੋਂ ਬਾਅਦ ਹੋਈ ਵੋਟਿੰਗ ‘ਚ ਸਦਨ ਵਿਚ ਮੌਜੂਦ 156 ਮੈਂਬਰਾਂ ਨੇ ਹਮਾਇਤ ਵਿਚ ਵੋਟ ਪਾਈ, ਬਿੱਲ ਦੇ ਖਿਲਾਫ ਇਕ ਵੀ ਵੋਟ ਨਹੀਂ ਪਾਈ। ਇਸ ਤੋਂ ਪਹਿਲਾਂ ਸਮਾਜਿਕ ਨਿਆਂ ਤੇ ਆਧਿਕਾਰਿਤਾ ਥਾਵਰਚੰਦ ਗਹਿਲੋਤ ਨੇ ਇਸ ਬਿੱਲ ਨੂੰ ਰਾਜ ਸਭਾ ਵਿਚ ਪੇਸ਼ ਕੀਤਾ।
ਨਾਲ ਹੀ ਕਿਹਾ ਕਿ ਲੋਕ ਸਭਾ ਨੇ ਇਸ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ, ਇਸ ਤੋਂ ਸਾਫ ਹੈ ਕਿ ਜਨਤਾ ਇਸਦੇ ਪੱਖ ਵਿਚ ਹੈ। ਇਸ ਹਾਲਤ ਵਿਚ ਰਾਜ ਸਭਾ ਵਿਚ ਵੀ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਣਾ ਚਾਹੀਦਾ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …