-3.7 C
Toronto
Thursday, January 22, 2026
spot_img
Homeਭਾਰਤਲੋਕ ਸਭਾ 'ਚ ਦੋ ਅਹਿਮ ਬਿੱਲ ਪੇਸ਼

ਲੋਕ ਸਭਾ ‘ਚ ਦੋ ਅਹਿਮ ਬਿੱਲ ਪੇਸ਼

ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਹੋਵੇਗਾ 10 ਹਜ਼ਾਰ ਰੁਪਏ ਜੁਰਮਾਨਾ
ਲੋਕ 50 ਜਾਂ 100 ਰੁਪਏ ਦੇ ਜੁਰਮਾਨੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ : ਨਿਤਿਨ ਗਡਕਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਲੋਕ ਸਭਾ ਵਿਚ ਦੋ ਅਹਿਮ ਬਿੱਲ ਪੇਸ਼ ਕੀਤੇ, ਜਿਸ ਵਿਚ ਸੜਕ ਸੁਰੱਖਿਆ ਦੇ ਕੇਸਾਂ ਨੂੰ ਸਖ਼ਤ ਕਰਦਿਆਂ ਮੋਟਰ ਵਾਹਨ (ਤਰਮੀਮੀ) ਬਿੱਲ ਅਤੇ ਸੈਰੋਗੈਸੀ (ਕਿਰਾਏ ਦੀ ਕੁੱਖ) ਦੀ ਵਪਾਰਕ ਵਰਤੋਂ ‘ਤੇ ਪਾਬੰਦੀ ਲਾਉਣ ਬਾਰੇ ਬਿੱਲ ਸ਼ਾਮਲ ਹਨ। ਸੜਕੀ ਆਵਾਜਾਈ ਅਤੇ ਸ਼ਾਹਰਾਹ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਲੋਕ ਸਭਾ ਵਿਚ ਟ੍ਰੈਫ਼ਿਕ ਕੇਸਾਂ ਨੂੰ ਸਖ਼ਤ ਕਰਦਾ ਮੋਟਰ ਵਾਹਨ (ਤਰਮੀਮੀ) ਬਿੱਲ ਪੇਸ਼ ਕੀਤਾ ਗਿਆ।
ਗਡਕਰੀ ਨੇ ਬਿੱਲ ਲਈ ‘ਵਿਆਪਕ’ ਚਰਚਾ ਦਾ ਦਾਅਵਾ ਕਰਦਿਆਂ ਕਿਹਾ ਕਿ ਸਟੈਂਡਿੰਗ ਕਮੇਟੀ ਅਤੇ ਜੁਆਇੰਟ ਸਕਰੀਨਿੰਗ ਕਮੇਟੀ ਦੇ ਮਸ਼ਵਰੇ ਬਿੱਲ ਵਿਚ ਸ਼ਾਮਿਲ ਕਰਨ ਤੋਂ ਇਲਾਵਾ ਇਸ ‘ਚ 18 ਰਾਜਾਂ ਦੇ ਆਵਾਜਾਈ ਮੰਤਰੀਆਂ ਤੋਂ ਵੀ ਸਲਾਹ ਲਈ ਗਈ ਹੈ। ਇਸ ਬਿੱਲ ਵਿਚ ਸੜਕ ਹਾਦਸੇ ਵਿਚ ਮੌਤ ਹੋਣ ‘ਤੇ ਮਾਲਕ ਤੋਂ ਜਾਂ ਬੀਮਾ ਕੰਪਨੀ 5 ਲੱਖ ਮੁਆਵਜ਼ੇ ਅਤੇ ਗੰਭੀਰ ਜ਼ਖ਼ਮੀ ਹੋਣ ‘ਤੇ 2.5 ਲੱਖ ਮੁਆਵਜ਼ੇ ਦੀ ਤਜਵੀਜ਼ ਰੱਖੀ ਗਈ ਹੈ। ਬਿੱਲ ਵਿਚ ਡਰਾਈਵਿੰਗ ਲਾਇਸੰਸ ਜਾਰੀ ਕਰਨ ਦੇ ਕੰਮਾਂ ਵਿਚ ਬਦਲਾਅ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ ਲਾਉਣ ਦਾ ਪ੍ਰਬੰਧ ਹੈ। ਬਿੱਲ ਪੇਸ਼ ਕਰਦਿਆਂ ਗਡਕਰੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਵੀ ਸੜਕ ਹਾਦਸਿਆਂ ਵਿਚ ਡੇਢ ਲੱਖ ਮੌਤਾਂ ਹੁੰਦੀਆਂ ਹਨ ਅਤੇ 5 ਲੱਖ ਲੋਕ ਜ਼ਖ਼ਮੀ ਹੁੰਦੇ ਹਨ। ਗਡਕਰੀ ਨੇ ਇਨ੍ਹਾਂ ਅੰਕੜਿਆਂ ਨੂੰ ਆਪਣੇ ਵਿਭਾਗ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਕੋਸ਼ਿਸ਼ ਕਰਨ ਤੋਂ ਬਾਅਦ ਵੀ ਹਾਦਸਿਆਂ ਵਿਚ ਸਿਰਫ਼ 3 ਤੋਂ 4 ਫ਼ੀਸਦੀ ਦੀ ਹੀ ਕਮੀ ਆਈ ਹੈ। ਉਨ੍ਹਾਂ ਜੁਰਮਾਨਾ ਵਧਾਉਣ ਦਾ ਤਰਕ ਦਿੰਦਿਆਂ ਕਿਹਾ ਕਿ 50 ਜਾਂ 100 ਰੁਪਏ ਦੇ ਜੁਰਮਾਨੇ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ।
ਕਿਰਾਏ ਦੀ ਕੁੱਖ ਦੀ ਵਪਾਰਕ ਵਰਤੋਂ ‘ਤੇ ਪਾਬੰਦੀ ਸਬੰਧੀ ਬਿੱਲ ਪੇਸ਼
ਕੇਂਦਰ ਨੇ ਕਿਰਾਏ ਦੀ ਕੁੱਖ ਦਾ ਵਪਾਰਕ ਤੌਰ ‘ਤੇ ਇਸਤੇਮਾਲ ਕਰਨ ਸਬੰਧੀ ਪਾਬੰਦੀ ਲਾਉਣ ਲਈ ਸੈਰੋਗੇਮੀ (ਰੈਗੂਲੇਸ਼ਨ) ਬਿੱਲ 2019 ਲੋਕ ਸਭਾ ਵਿਚ ਪੇਸ਼ ਕੀਤਾ, ਜਿਸ ਮੁਤਾਬਿਕ ਸਿਰਫ਼ ਨਜ਼ਦੀਕੀ ਰਿਸ਼ਤੇਦਾਰ ਹੀ ਉਹ ਵਿਆਹੇ ਜੋੜੇ, ਜਿਨ੍ਹਾਂ ਨੇ ਪੰਜ ਸਾਲ ਤੱਕ ਕੋਈ ਔਲਾਦ ਨਾ ਹੋਵੇ, ਕਿਰਾਏ ਦੀ ਕੁੱਖ ਦੀ ਵਰਤੋਂ ਕਰ ਸਕਦੇ ਹਨ, ਉਹ ਵੀ ਸਿਰਫ਼ ਕਿਸੇ ਨਜ਼ਦੀਕੀ ਰਿਸ਼ਤੇਦਾਰ ਤੋਂ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਰਸ਼ਵਰਧਨ ਵਲੋਂ ਪੇਸ਼ ਕੀਤੇ ਬਿੱਲ ਮੁਤਾਬਕ ਇਹ ਔਰਤ ਸਿਰਫ਼ ਇਕ ਵਾਰ ਹੀ ਸੈਰੋਗੈਟ ਮਾਂ ਬਣ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੂੰ ਵਿਸ਼ਵ ਭਰ ਵਿਚ ਸੈਰੋਗੈਮੀ ਹੱਬ ਵਜੋਂ ਜਾਣਿਆ ਜਾਂਦਾ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਕਰਾਰ ਦਿੱਤਾ। ਥਰੂਰ ਨੇ ਬੇਔਲਾਦਾਂ ਨੂੰ ਬੱਚੇ ਲਈ 5 ਸਾਲ ਤੱਕ ਦੀ ਉਡੀਕ ਕਰਨ ਦੇ ਤਰਕ ਨੂੰ ਆਧਾਰਹੀਣ ਕਰਾਰ ਦਿੱਤਾ।
ਹੈਲਮਟ ਨਾ ਪਾਉਣ ਅਤੇ ਸੀਟ ਬੈਲਟ ਨਾ ਲਾਉਣ ‘ਤੇ 1000 ਰੁਪਏ ਜੁਰਮਾਨਾ
ਹੈਲਮਟ ਨਾ ਪਾਉਣ ਜਾਂ ਸੀਟ ਬੈਲਟ ਨਾ ਲਾਉਣ ‘ਤੇ ਮੌਜੂਦਾ ਜੁਰਮਾਨੇ ਦੀ ਰਕਮ 100 ਰੁਪਏ ਤੋਂ ਵਧਾ ਕੇ 1000 ਰੁਪਏ ਕੀਤੀ ਜਾਵੇਗੀ, ਜਦਕਿ ਰਫ਼ਤਾਰ ਵੱਧ ਹੋਣ ‘ਤੇ ਮੌਜੂਦਾ ਜੁਰਮਾਨੇ ਦੀ ਰਕਮ 500 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਜਾਵੇਗੀ। ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਜੁਰਮਾਨਾ ਵੀ 2000 ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕੀਤਾ ਜਾਵੇਗਾ।

RELATED ARTICLES
POPULAR POSTS