Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਚੋਣਾਂ : ਕੈਨੇਡਾ ਦੀਆਂ ਫਿਜ਼ਾਵਾਂ ‘ਚੋਂ ‘ਰਾਜਨੀਤਿਕ ਮਹਿਕ’ ਆਉਣੀ ਸ਼ੁਰੂ

ਫੈਡਰਲ ਚੋਣਾਂ : ਕੈਨੇਡਾ ਦੀਆਂ ਫਿਜ਼ਾਵਾਂ ‘ਚੋਂ ‘ਰਾਜਨੀਤਿਕ ਮਹਿਕ’ ਆਉਣੀ ਸ਼ੁਰੂ

ਸੱਤਾ ਉੱਪਰ ਮੁੜ ਕਾਬਜ਼ ਹੋ ਸਕਦੀ ਐ ਟਰੂਡੋ ਸਰਕਾਰ
ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨਜ਼ਦੀਕ ਆਉਂਦੇ ਜਾ ਰਹੇ ਹਨ, ਕੈਨੇਡਾ ਦੀਆਂ ਫਿਜ਼ਾਵਾਂ ਵਿਚੋਂ ‘ਰਾਜਨੀਤੀ ਦੀ ਮਹਿਕ’ ਆਉਣੀ ਸ਼ੁਰੂ ਹੋ ਗਈ ਹੈ। ਹਾਲਾਂਕਿ, ਇਸ ਮੁਲਕ ਦੀ ਖ਼ਾਸੀਅਤ ਹੈ ਕਿ ਇੱਥੇ ਮੁੱਦਿਆਂ ਦੀ ਰਾਜਨੀਤੀ ਹੁੰਦੀ ਹੈ ਅਤੇ ‘ਵਾਅਦਿਆਂ ਦੀ ਝੜੀ’ ਨੂੰ ‘ਹਕੀਕਤ ਦੀ ਤੱਕੜੀ’ ਵਿਚ ਵੀ ਤੋਲਿਆ ਜਾਂਦਾ ਹੈ ਤਾਂ ਕਿ ਕੋਈ ਇੱਕ ‘ਪੱਲੜਾ’ ਭਾਰੀ ਨਾ ਪੈ ਜਾਵੇ।
ਕੈਨੇਡਾ ਵਿਚ ਇਸ ਸਮੇਂ ਕੰਸਰਵੇਟਿਵ, ਲਿਬਰਲ (ਸੱਤਾਧਿਰ), ਗ੍ਰੀਨ ਪਾਰਟੀ ਅਤੇ ਐੱਨ.ਡੀ.ਪੀ ਤੋਂ ਇਲਾਵਾ ਹੋਰ ਕਈ ਪਾਰਟੀਆਂ ਨੇ ਇਸ ਚੁਣਾਵੀ ਦੌੜ ‘ਚ ਆਪਣੀ ਕਮਰ ਕੱਸ ਲਈ ਹੈ। ਕੈਨੇਡਾ ਫੈੱਡਰਲ ਚੋਣਾਂ ਪਹਿਲਾਂ ਤੋਂ ਲੋਕਾਂ ਦੀ ਰਾਜਨੀਤਕ ਨਬਜ਼ ਨੂੰ ਟੋਂਹਦੇ ਚੋਣ ਸਰਵੇਖਣਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਵੱਖੋ-ਵੱਖ ਏਜੰਸੀਆਂ ਵੱਲੋਂ ਸਰਵੇ ਕਰ ਕੇ ਜਨਤਾ ਦਾ ਮੂਡ ਭਾਂਪਣ ਦੀ ਕੋਸ਼ਿਸ਼ ਜਾਰੀ ਹੈ।
ਸ਼ੁਰੂਆਤੀ ਦੌਰ ‘ਚ ਹੋਏ ਸਰਵੇਖਣਾਂ ਮੁਤਾਬਕ, ਕੰਸਰਵੇਟਿਵ ਪਾਰਟੀ ਵੱਲੋਂ ਲਿਬਰਲ ਪਾਰਟੀ ਨੂੰ ਤਿੱਖੀ ਟੱਕਰ ਦਿੱਤੇ ਜਾਣ ਦੇ ਦਾਅਵੇ ਕੀਤੇ ਗਏ ਸਨ, ਪਰ ਚੋਣਾਂ ਦੇ ਨੇੜੇ ਪਹੁੰਚਦੇ ਪਹੁੰਚਦੇ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਪ੍ਰਤੀ ਕੈਨੇਡਾ ਦੇ ਲੋਕਾਂ ਦਾ ਝੁਕਾਅ ਵਧਣਾ ਸ਼ੁਰੂ ਹੋ ਗਿਆ ਹੈ। ਸੀਬੀਸੀ ਦੇ ਸਰਵੇਖਣ ਮੁਤਾਬਕ, ਫ਼ਰਵਰੀ ਮਹੀਨੇ ਤੋਂ ਜਿੱਥੇ ਕੰਸਰਵੇਟਿਵ ਪਾਰਟੀ ਨਾਲ ਲੋਕਾਂ ਦੀ ਬਹੁਤੀ ਹਮਾਇਤ ਸੀ, ਉੱਥੇ ਹੀ ਜੁਲਾਈ ਤੱਕ ਪਹੁੰਚਦੇ ਪਹੁੰਚਦੇ ਲਿਬਰਲ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੱਧਦੀ ਦਿਖਾਈ ਦੇ ਰਹੀ ਹੈ।
ਇੱਕ ਹੋਰ ਸਰਵੇਖਣ ਮੁਤਾਬਕ, 35 ਫੀਸਦੀ ਲੋਕ ਲਿਬਰਲ ਪਾਰਟੀ ਦੇ ਹੱਕ ਵਿਚ ਆ ਰਹੇ ਹਨ, ਜਦਕਿ ਤਕਰੀਬਨ 30 ਫੀਸਦੀ ਲੋਕਾਂ ਨੇ ਕੰਸਰਵੇਟਿਵ ਪਾਰਟੀ ਦੀ ਹਮਾਇਤ ਕੀਤੀ। ਸਰਵੇਖਣ ਮੁਤਾਬਕ ਐਂਡਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਸਰਵੇਟਿਵ ਪਾਰਟੀ ਵੱਲੋਂ ਲੋਕਾਂ ਦਾ ਝੁਕਾਅ ਘੱਟ ਰਿਹਾ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਇਨ੍ਹਾਂ ਸਰਵੇਖਣਾਂ ‘ਚ ਤੀਜੇ ਸਥਾਨ ‘ਤੇ ਹੈ। ਹਾਲਾਂਕਿ, ਇਹ ਸਰਵੇਖਣ ਭਵਿੱਖ ‘ਚ ਕਿੰਨੇ ਕੁ ਹਕੀਕਤ ‘ਚ ਤਬਦੀਲ ਹੁੰਦੇ ਹਨ ਅਤੇ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀਆਂ ਮਿਹਨਤਾਂ ਨੂੰ ਕਿੰਨਾ ਕੁ ਬੂਰ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …