13.7 C
Toronto
Tuesday, June 16, 2026
spot_img
Homeਭਾਰਤਅਯੁੱਧਿਆ 'ਚ 15 ਲੱਖ ਤੋਂ ਵੱਧ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ

ਅਯੁੱਧਿਆ ‘ਚ 15 ਲੱਖ ਤੋਂ ਵੱਧ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ

ਭਗਵਾਨ ਰਾਮ ਵਲੋਂ ਪੈਦਾ ਕੀਤੀਆਂ ਕਦਰਾਂ-ਕੀਮਤਾਂ ‘ਸਬਕਾ ਸਾਥ ਸਬਕਾ ਵਿਕਾਸ’ ਲਈ ਪ੍ਰੇਰਨਾ : ਮੋਦੀ
ਅਯੁੱਧਿਆ : ਦੀਵਾਲੀ ਮੌਕੇ ਅਯੁੱਧਿਆ ‘ਚ 15.76 ਲੱਖ ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਰਿਕਾਰਡ ਦਾ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਰਯੂ ਦੀ ਪੂਜਾ ਕਰਕੇ ਆਰਤੀ ਕੀਤੀ। ਉਨ੍ਹਾਂ ਨੇ ਰਾਮ ਦੀ ਪੌੜੀ ‘ਤੇ ਲੇਜ਼ਰ ਸ਼ੋਅ ਜ਼ਰੀਏ ਰਾਮ ਕਥਾ ਅਤੇ ਡਿਜੀਟਲ ਆਤਿਸ਼ਬਾਜ਼ੀ ਦੇਖੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਥੇ ਕਿਹਾ ਕਿ ਭਗਵਾਨ ਰਾਮ ਵਲੋਂ ਆਪਣੇ ਸ਼ਬਦਾਂ, ਵਿਚਾਰਾਂ ਅਤੇ ਸ਼ਾਸਨ ਦੁਆਰਾ ਪੈਦਾ ਕੀਤੀਆਂ ਗਈਆਂ ਕਦਰਾਂ-ਕੀਮਤਾਂ ‘ਸਬਕਾ ਸਾਥ ਸਬਕਾ ਵਿਕਾਸ’ ਲਈ ਪ੍ਰੇਰਨਾ ਹਨ। ਪ੍ਰਧਾਨ ਮੰਤਰੀ, ਜੋ ‘ਦੀਪ ਉਤਸਵ’ ਮਨਾਉਣ ਲਈ ਅਯੁੱਧਿਆ ਪੁੱਜੇ ਸਨ, ਨੇ ਕਿਹਾ ਕਿ ਇਹ ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦਾ ਵੀ ਆਧਾਰ ਹਨ। ਰਾਮ ਕਥਾ ਪਾਰਕ, ਜਿਥੇ ਭਗਵਾਨ ਰਾਮ ਅਤੇ ਸੀਤਾ ਦੀ ਪ੍ਰਤੀਕਾਤਮਕ ਤਾਜਪੋਸ਼ੀ ਕੀਤੀ ਗਈ, ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਗਵਾਨ ਰਾਮ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਭਗਵਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਅਯੁੱਧਿਆ, ਸਾਰੇ ਯੂ. ਪੀ. ਅਤੇ ਵਿਸ਼ਵ ਦੇ ਲੋਕ ਇਸ ਸਮਾਰੋਹ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾ ਰਹੇ ਹਾਂ ਭਗਵਾਨ ਰਾਮ ਵਰਗਾ ਦ੍ਹਿੜ੍ਹ ਸੰਕਲਪ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਰਾਮ ਦੇ ਆਦਰਸ਼ ਅਗਲੇ 25 ਸਾਲਾਂ ‘ਚ ਵਿਕਸਿਤ ਭਾਰਤ ਦੇਖਣ ਦੇ ਇੱਛੁਕ ਲੋਕਾਂ ਲਈ ਪ੍ਰਕਾਸ਼ ਦੀ ਕਿਰਨ ਹਨ ਅਤੇ ਸਭ ਤੋਂ ਮੁਸ਼ਕਿਲ ਟੀਚਿਆਂ ਦੀ ਪ੍ਰਾਪਤੀ ਲਈ ਹੌਸਲਾ ਦਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਮ ਜਨਮ ਭੂਮੀ ਵਿਖੇ ਰਾਮ ਲੱਲਾ ਦੀ ਪੂਜਾ ਕੀਤੀ। ਪੰਜ ਅਗਸਤ 2020 ‘ਚ ਰਾਮ ਮੰਦਰ ਦੇ ਨਿਰਮਾਣ ਲਈ ਹੋਈ ਭੂਮੀ ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਸੀ।

2024 ਵਿੱਚ ਸ਼ਰਧਾਲੂਆਂ ਲਈ ਖੁੱਲ੍ਹੇਗਾ ਰਾਮ ਮੰਦਰ
ਮੰਦਰ ਦਾ 50 ਫੀਸਦੀ ਨਿਰਮਾਣ ਕਾਰਜ ਮੁਕੰਮਲ; ਨਿਰਮਾਣ ‘ਤੇ ਖਰਚੇ ਜਾ ਰਹੇ ਨੇ 1800 ਕਰੋੜ ਰੁਪਏ
ਅਯੁੱਧਿਆ : ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸਥਾਪਨਾ ਮਗਰੋਂ 2024 ਵਿੱਚ ਅਯੁੱਧਿਆ ਵਿਚਲਾ ਰਾਮ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਰਾਮ ਮੰਦਰ ਦੇ ਨਿਰਮਾਣ ਦੀ ਨਿਗਰਾਨੀ ਕਈ ਕਾਇਮ ਟਰੱਸਟ ਦੇ ਇੱਕ ਮੈਂਬਰ ਨੇ ਇਹ ਜਾਣਕਾਰੀ ਦਿੱਤੀ। ਟਰੱਸਟ ਦੇ ਜਰਨਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਮੰਦਰ ਦਾ 50 ਫੀਸਦੀ ਕਾਰਜ ਮੁਕੰਮਲ ਹੋ ਚੁੱਕਾ ਹੈ ਅਤੇ ਉਹ ਨਿਰਮਾਣ ਕਾਰਜ ਦੀ ਪ੍ਰਗਤੀ ਤੇ ਗੁਣਵੱਤਾ ਤੋਂ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ 2024 ਵਿੱਚ ਮਕਰ ਸੰਕ੍ਰਾਂਤੀ ਮੌਕੇ ਭਗਵਾਨ ਰਾਮ ਦੀਆਂ ਮੂਰਤੀਆਂ ਦੀ ਸਥਾਪਨਾ ਤੋਂ ਬਾਅਦ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਅਗਲੇ ਸਾਲ ਦਸੰਬਰ ਤੱਕ ਮੰਦਰ ਦੀ ਹੇਠਲੀ ਮੰਜ਼ਿਲ ਤਿਆਰ ਹੋ ਜਾਵੇਗੀ ਅਤੇ 14 ਜਨਵਰੀ 2024 ਦੇ ਕਰੀਬ ਭਗਵਾਨ ਰਾਮ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੰਦਰ ਦੇ ਨਿਰਮਾਣ ‘ਤੇ 1800 ਕਰੋੜ ਰੁਪਏ ਖਰਚੇ ਜਾਣਗੇ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਖੜ੍ਹੇ ਹੋ ਕੇ ਮੰਦਰ ਨਿਰਮਾਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਸੀ, ਮੀਡੀਆ ਕਰਮੀਆਂ ਨੂੰ ਉਸ ਸਥਾਨ ਦਾ ਦੌਰਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 9 ਨਵੰਬਰ 2019 ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਸੀ ਅਤੇ 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਕੀਤਾ ਸੀ।
ਯੋਜਨਾ ਮੁਤਾਬਕ ਰਾਮ ਮੰਦਰ ਕੰਪਲੈਕਸ ‘ਚ 70 ਏਕੜ ਦੇ ਖੇਤਰ ‘ਚ ਭਗਵਾਨ ਵਾਲਮੀਕਿ, ਕੇਵਟ, ਸ਼ਬਰੀ, ਜਟਾਯੂ, ਸੀਤਾ, ਵਿਗਨੇਸ਼ਵਰ (ਗਣੇਸ਼) ਅਤੇ ਸ਼ੇਸ਼ਅਵਤਾਰ (ਲਕਸ਼ਮਣ) ਦੇ ਮੰਦਰ ਵੀ ਬਣਾਏ ਜਾਣਗੇ। ਇੱਥੇ ਦੋ ਮੰਜ਼ਿਲਾਂ ਪਰਿਕਰਮਾ ਮਾਰਗ ਵੀ ਬਣਾਇਆ ਜਾ ਰਿਹਾ ਹੈ। ਇਸ ਦੇ ਪੂਰਬੀ ਹਿੱਸੇ ਵਿੱਚ ਰੇਤਲੇ ਪੱਥਰ ਦਾ ਬਣਿਆ ਇੱਕ ਪ੍ਰਵੇਸ਼ ਦੁਆਰ ਹੋਵੇਗਾ। ਮੰਦਰ ਅੰਦਰ ਰਾਜਸਥਾਨ ਦੇ ਮਕਰਾਨਾ ਪਹਾੜੀਆਂ ਤੋਂ ਲਿਆਂਦੇ ਜਾ ਰਹੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਨੀਂਹ ਪੱਥਰ ਰੱਖਣ ਤੋਂ ਬਾਅਦ 23 ਅਕਤੂਬਰ ਨੂੰ ਮੋਦੀ ਦੀ ਇਹ ਪਹਿਲੀ ਅਯੁੱਧਿਆ ਫੇਰੀ ਸੀ। ਇੱਥੇ ਭਗਵਾਨ ਰਾਮ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਮੰਦਰ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਲੋਕ ਸਭਾ ਚੋਣਾਂ ਕਰਕੇ 2024 ਦੀ ਸ਼ੁਰੂਆਤ ਵਿੱਚ ਸ਼ਰਧਾਲੂਆਂ ਲਈ ਮੰਦਰ ਖੋਲ੍ਹੇ ਜਾਣ ਨੂੰ ਸਿਆਸੀ ਤੌਰ ‘ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS