Breaking News
Home / ਭਾਰਤ / ਲਖੀਮਪੁਰ ਹਿੰਸਾ ਮਾਮਲੇ ‘ਚ ਮੰਤਰੀ ਟੇਨੀ ਦਾ ਮੁੰਡਾ ਮੁੱਖ ਆਰੋਪੀ

ਲਖੀਮਪੁਰ ਹਿੰਸਾ ਮਾਮਲੇ ‘ਚ ਮੰਤਰੀ ਟੇਨੀ ਦਾ ਮੁੰਡਾ ਮੁੱਖ ਆਰੋਪੀ

ਅਸ਼ੀਸ਼ ਮਿਸ਼ਰਾ ਸਣੇ 14 ਆਰੋਪੀਆਂ ਖਿਲਾਫ ਚਾਰਜ਼ਸੀਟ ਦਾਖਲ
ਲਖਨਊ/ਬਿਊਰੋ ਨਿਊਜ਼ : ਲਖੀਮਪੁਰ ਖੀਰੀ ਹਿੰਸਾ ਦੀ ਘਟਨਾ ਨੂੰ ਤਿੰਨ ਮਹੀਨੇ ਹੋ ਗਏ ਹਨ। ਮਾਮਲੇ ਵਿਚ ਐਸ.ਆਈ.ਟੀ. ਨੇ ਅਦਾਲਤ ਵਿਚ ਚਾਰਜ਼ਸੀਟ ਦਾਖਲ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਇਹ ਚਾਰਜਸ਼ੀਟ 5 ਹਜ਼ਾਰ ਪੰਨਿਆਂ ਦੀ ਹੈ। ਇਸ ਚਾਰਜਸ਼ੀਟ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਦੇ ਗੁਨਾਹ ਦਰਜ ਕੀਤੇ ਗਏ ਹਨ। ਇਹ ਚਾਰਜ਼ਸੀਟ ਅਸ਼ੀਸ਼ ਮਿਸ਼ਰਾ ਸਣੇ 14 ਆਰੋਪੀਆਂ ਖਿਲਾਫ ਦਾਖਲ ਕੀਤੀ ਗਈ ਹੈ। ਧਿਆਨ ਰਹੇ ਕਿ ਲੰਘੀ 3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਮੰਤਰੀ ਦੇ ਮੁੰਡੇ ਨੇ ਗੱਡੀ ਚੜ੍ਹਾ ਸੀ ਅਤੇ ਜਿਸ ਦੌਰਨ ਚਾਰ ਕਿਸਾਨਾਂ ਦੀ ਜਾਨ ਚਲੇ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਵਿਚ ਚਾਰ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਪੱਤਰਕਾਰ ਦੀ ਵੀ ਜਾਨ ਚਲੇ ਗਈ ਸੀ।
ਇਸ ਮਾਮਲੇ ਵਿਚ ਦੋਵਾਂ ਧਿਰਾਂ ਵਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਮਾਮਲੇ ਦੀ ਜਾਂਚ ਐਸ.ਆਈ.ਟੀ. ਕਰ ਰਹੀ ਹੈ। ਧਿਆਨ ਰਹੇ ਕਿ ਇਹ ਘਟਨਾ ਲੰਘੀ 3 ਅਕਤੂਬਰ ਨੂੰ ਵਾਪਰੀ ਸੀ ਅਤੇ 3 ਜਨਵਰੀ ਨੂੰ ਇਸ ਘਟਨਾ ਨੂੰ 90 ਦਿਨ ਹੋ ਚੁੱਕੇ ਹਨ ਅਤੇ ਗੰਭੀਰ ਆਰੋਪਾਂ ਵਿਚ 90 ਦਿਨਾਂ ਦੇ ਅੰਦਰ ਜਾਂਚ ਏਜੰਸੀ ਨੂੰ ਚਾਰਜਸ਼ੀਟ ਦਾਖਲ ਕਰਨੀ ਹੁੰਦੀ ਹੈ। ਲਖੀਮਪੁਰ ਖੀਰੀ ਘਟਨਾ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ਸਣੇ 14 ਆਰੋਪੀ ਨਿਆਇਕ ਹਿਰਾਸਤ ‘ਚ ਜੇਲ੍ਹ ਵਿਚ ਬੰਦ ਹਨ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਹ ਘਟਨਾ ਵਾਲੇ ਦਿਨ ਆਪਣੇ ਜੱਦੀ ਪਿੰਡ ਬਨਵੀਰਪੁਰ ਦੇ ਦੰਗਲ ‘ਚ ਹਾਜ਼ਰ ਸੀ। ਉਂਜ ਕਿਸਾਨਾਂ ਮੁਤਾਬਕ ਜਿਹੜੇ ਵਾਹਨ ਨੇ ਉਨ੍ਹਾਂ ਦੇ ਸਾਥੀਆਂ ਨੂੰ ਦਰੜਿਆ ਸੀ, ਉਨ੍ਹਾਂ ‘ਚੋਂ ਇਕ ‘ਚ ਅਸ਼ੀਸ਼ ਵੀ ਸਵਾਰ ਸੀ। ਸਿਟ ਨੇ ਅਸ਼ੀਸ਼ ਮਿਸ਼ਰਾ ਮੋਨੂੰ, ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਸਤਿਅਮ ਤ੍ਰਿਪਾਠੀ ਉਰਫ਼ ਸਤਿਅਮ, ਲਤੀਫ਼ ਉਰਫ਼ ਕਾਲੇ, ਸ਼ੇਖਰ ਭਾਰਤੀ, ਸੁਮਿਤ ਜੈਸਵਾਲ, ਆਸ਼ੀਸ਼ ਪਾਂਡੇ, ਲਵਕੁਸ਼ ਰਾਣਾ, ਸ਼ਿਸ਼ੂ ਪਾਲ, ਉਲਾਸ ਕੁਮਾਰ ਉਰਫ਼ ਮੋਹਿਤ ਤ੍ਰਿਵੇਦੀ, ਰਿੰਕੂ ਰਾਣਾ ਅਤੇ ਧਰਮੇਂਦਰ ਬਣਜਾਰਾ ਦੀ ਪਛਾਣ ਕਰਕੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੀਨੀਅਰ ਪ੍ਰੋਸਿਕਊਸ਼ਿਨ ਅਧਿਕਾਰੀ ਐੱਸ ਪੀ ਯਾਦਵ ਨੇ ਮੀਡੀਆ ਨੂੰ ਦੱਸਿਆ ਕਿ ਇਕ ਹੋਰ ਮੁਲਜ਼ਮ ਵੀਰੇਂਦਰ ਸ਼ੁਕਲਾ ਦਾ ਨਾਮ ਵੀ ਧਾਰਾ 201 ਤਹਿਤ ਚਾਰਜਸ਼ੀਟ ‘ਚ ਦਾਖ਼ਲ ਕੀਤਾ ਗਿਆ ਹੈ। ਸ਼ੁਕਲਾ ਨੂੰ ਅਜੇ ਗ੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ। ਸੂਤਰਾਂ ਨੇ ਕਿਹਾ ਕਿ ਸ਼ੁਕਲਾ, ਮਿਸ਼ਰਾ ਦਾ ਰਿਸ਼ਤੇਦਾਰ ਹੈ ਅਤੇ ਬਲਾਕ ਮੁਖੀ ਹੈ। ਸਿਟ ਨੇ ਉਸ ਨੂੰ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਸਿਟ ਨੇ ਸਥਾਨਕ ਅਦਾਲਤ ‘ਚ ਦਾਖ਼ਲ ਕੀਤੀ ਰਿਪੋਰਟ ‘ਚ ਕਿਹਾ ਹੈ ਕਿ ਇਹ ਗਿਣੀ-ਮਿੱਥੀ ਸਾਜਿਸ਼ ਸੀ। ਉਨ੍ਹਾਂ ਰਿਪੋਰਟ ‘ਚ ਲਿਖਿਆ ਹੈ ਕਿ ਕਿਸਾਨਾਂ ਨੂੰ ਦਰੜਨ ਦਾ ਮਾਮਲਾ ਅਣਗਹਿਲੀ ਬਿਲਕੁਲ ਵੀ ਨਹੀਂ ਹੈ ਅਤੇ ਮੁਲਜ਼ਮਾਂ ਨੇ ਹੱਤਿਆ ਦੇ ਇਰਾਦੇ ਨਾਲ ਇਹ ਕਾਰਾ ਕੀਤਾ ਹੈ।

 

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …