Breaking News
Home / ਘਰ ਪਰਿਵਾਰ / ਮਿਸੀਸਾਗਾ ਵੀ ਟਾਈਪ 2 ਡਾਇਬਟੀਜ਼ ਦੇ ਖਿਲਾਫ ਲੜਾਈ ਦਾ ਹਿੱਸਾ ਬਣਿਆ

ਮਿਸੀਸਾਗਾ ਵੀ ਟਾਈਪ 2 ਡਾਇਬਟੀਜ਼ ਦੇ ਖਿਲਾਫ ਲੜਾਈ ਦਾ ਹਿੱਸਾ ਬਣਿਆ

14 ਨਵੰਬਰ ਨੂੰ ਮਨਾਏ ਜਾਂਦੇ ਵਰਲਡ ਡਾਇਬੀਟੀਜ਼ ਦਿਵਸ ਤੋਂ ਪਹਿਲਾਂ ਮਿਸੀਸਾਗਾ ਮੇਅਰ ਬੌਨੀ ਕਰੌਂਬੀ ਅਤੇ ਸਿਟੀ ਕੌਂਸਲ ਨੇ ਅਰਬਨ ਡਾਇਬੀਟੀਜ਼ ਐਲਾਨਨਾਮੇ ‘ਤੇ ਦਸਤਖਤ ਕੀਤੇ। ਇਸ ਨਾਲ ਮਿਸੀਸਾਗਾ ਡਾਇਬੀਟੀਜ਼ ਨੂੰ ਬਦਲ ਰਹੇ ਸ਼ਹਿਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲਾ ਕੈਨੇਡਾ ਇਕੋ ਇਕ ਸ਼ਹਿਰ ਬਣ ਗਿਆ।
ਮਿਸੀਸਾਗਾ ਵਿਚ ਟਾਈਪ 2 ਡਾਇਬੀਟੀਜ਼ ਦਾ ਵਧਣਾ ਇਕ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਜੂਨ ਵਿਚ ਸਿਟੀ ਕੌਂਸਲ ਨੂੰ ਕੌਰਪੋਰੇਟ ਰਿਪੋਰਟ ਮਿਲੀ, ਜਿਸ ਵਿਚ ਇਹ ਸਿਫਾਰਸ਼ ਕੀਤੀ ਗਈ ਕਿ ਸਿਟੀ ਨੂੰ ਸੀਸੀਡੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੀਦਾ ਹੈ। ਇਕ ਸੀਸੀਡੀ ਮੈਂਬਰ ਵਜੋਂ ਮਿਸੀਸਾਗਾ ਦੁਨੀਆ ਦੇ ਹੋਰ 39 ਅਜਿਹੇ ਸ਼ਹਿਰਾਂ ਨਾਲ ਜੁੜਿਆ ਹੈ, ਜਿਹੜੇ ਸ਼ਹਿਰੀ ਡਾਇਬੀਟੀਜ਼ ਦੀ ਰੋਕਥਾਮ ਅਤੇ ਇਸ ‘ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ।
ਮੇਅਰ ਬੌਨੀ ਕਰੌਂਬੀ ਨੇ ਕਿਹਾ, ”ਸਾਨੂੰ ਸੀਸੀਡੀ ਪ੍ਰੋਗਰਾਮ ਦਾ ਹਿੱਸਾ ਬਣਦੇ ਹੋਏ ਅਤੇ ਮਿਸੀਸਾਗਾ ਦੀ ਆਪਣੀ ਟਾਈਪ 2 ਡਾਇਬਟੀਜ਼ ਰੋਕਥਾਮ ਰਣਨੀਤੀ ਤਿਆਰ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ।
ਟਾਈਪ 2 ਡਾਇਬੀਟੀਜ਼ ਗੰਭੀਰ ਨਤੀਜਿਆਂ ਵਾਲੀ ਦੀਰਘਕਾਲੀ ਬਿਮਾਰੀ ਹੈ, ਜਿਸ ਤੋਂ ਪੀਲ ਰੀਜਨ ਵਿਚ ਹਰ 10 ਵਿਚੋਂ ਇਕ ਜਣਾ ਪ੍ਰਭਾਵਤ ਹੈ। ਹੈਲਥ ਦੇ ਅੰਕੜੇ ਦਰਸਾਉਂਦੇ ਹਨ ਕਿ ਪੀਲ ਵਿਚ ਬਾਕੀ ਉਨਟਾਰੀਓ ਦੇ ਮੁਕਾਬਲੇ ਡਾਇਬੀਟੀਜ਼ ਦੇ ਕੇਸ ਜ਼ਿਆਦਾ ਹਨ। ਇਸ ਨਾਲ ਸਾਡੀਆਂ ਹੈਲਥ ਏਜੰਸੀਆਂ ਅਤੇ ਹੈਲਥ ਕੇਅਰ ਸਿਸਟਮ ‘ਤੇ ਵਾਧੂ ਭਾਰ ਪੈਂਦਾ ਹੈ, ਜਿਸ ‘ਤੇ ਕਿ ਪਿਛਲੇ 18 ਮਹੀਨਿਆਂ ਦੌਰਾਨ ਪਹਿਲਾਂ ਹੀ ਸਮਰਥਾ ਨਾਲੋਂ ਵੱਧ ਭਾਰ ਪੈ ਚੁੱਕਾ ਹੈ।” ਸਿਟੀ ਦਾ ਸੀਸੀਡੀ ਪ੍ਰੋਗਰਾਮ ਅਗਲੇ ਤਿੰਨ ਤੋਂ ਪੰਜ ਮਹੀਨੇ ਤੱਕ ਚੱਲੇਗਾ ਅਤੇ ਮਿਸੀਸਾਗਾ ਨੂੰ ਟਾਈਪ 2 ਡਾਇਬੀਟੀਜ਼ ਨਾਲ ਨਿਪਟਣ ਲਈ ਸੰਦ ਅਤੇ ਸਰੋਤ ਪ੍ਰਦਾਨ ਕਰੇਗਾ ਅਤੇ ਭਾਈਚਾਰਕ ਅਤੇ ਇੰਡਸਟਰੀ ਭਾਈਵਾਲ ਵਿਕਸਤ ਕਰੇਗਾ।
ਪੀਲ ਰੀਜਨ ਵਿਚ ਕਰੀਬ 53.6 ਫੀਸਦੀ ਵਸਨੀਕ ਮੋਟੇ ਹਨ, ਜਿਹੜਾ ਕਿ ਟਾਈਪ 2 ਡਾਇਬੀਟੀਜ ਪੈਦਾ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਪੀਲ ਰੀਜਨ ਵਿਚ ਰਹਿਣ ਵਾਲੇ 51.3 ਫੀਸਦੀ ਲੋਕ ਏਸ਼ੀਅਨ, ਸਾਊਥ ਏਸ਼ੀਅਨ, ਅਰਬ, ਬਲੈਕ, ਹਿਸਪੈਨਿਕ ਅਤੇ ਇੰਡਿਜਨਸ ਹਨ। ਇਨ੍ਹਾਂ ਵਰਗਾਂ ਵਿਚ ਟਾਈਪ 2 ਡਾਇਬਟੀਜ਼ ਪੈਦਾ ਹੋਣ ਦਾ ਖਤਰਾ ਪਹਿਲਾਂ ਹੀ ਜ਼ਿਆਦਾ ਹੁੰਦਾ ਹੈ। ਸਿਟੀ ਮੈਨੇਜਰ ਅਤੇ ਚੀਫ ਐਡਮਿਨਿਸਟਰੇਟਿਵ ਔਫਿਸਰ ਪੌਲ ਮਿਚਨ ਨੇ ਕਿਹਾ, ”2021 ਵਿਚ ਯੂਨੀਵਰਿਸਟੀ ਔਫ ਟੋਰਾਂਟੋ ਵਿਚ ਇੰਸੋਲਿਨ ਦੀ ਖੋਜ ਨੂੰ 100 ਸਾਲ ਹੋ ਗਏ ਹਨ। ਇਸ ਦੌਰਾਨ ਡਾਇਬੀਟੀਜ਼ ਦੇ ਖਿਲਾਫ ਲੜਾਈ ਵਿਚ ਅਸੀਂ ਬਹੁਤ ਅੱਗੇ ਆ ਗਏ ਹਾਂ, ਪਰ ਅਜੇ ਵੀ ਬਹੁਤ ਕੁੱਝ ਹੋਰ ਕਰਨ ਵਾਲਾ ਹੈ। ਸੀਸੀਡੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਨਾਲ ਸਿਟੀ ਨੂੰ ਦੁਨੀਆ ਦੇ ਹੋਰ ਸ਼ਹਿਰਾਂ ਤੋਂ ਸਮਝ ਅਤੇ ਜਾਣਕਾਰੀ ਮਿਲੇਗੀ ਅਤੇ ਨਾਲੋ ਨਾਲ ਮਿਸੀਸਾਗਾ ਦੇ ਵਿਲੱਖਣ ਪੱਖਾਂ ਨੂੰ ਦੇਖਣ ਅਤੇ ਸਮਝਣ ਦਾ ਮੌਕਾ ਵੀ ਮਿਲੇਗਾ।” ਸਿਟੀ ਨੇ ਪਹਿਲਾਂ ਹੀ ਕਈ ਅਜਿਹੇ ਪ੍ਰੋਗਰਾਮ ਅਤੇ ਪਹਿਲਕਦਮੀਆਂ ਲਾਗੂ ਕੀਤੀਆਂ ਹੋਈਆਂ ਹਨ, ਜਿਹੜੀ ਡਾਇਬੀਟੀਜ਼ ਦੀ ਰੋਕਥਾਮ ਅਤੇ ਤੰਦਰੁਸਤ ਜੀਵਨ ਜਿਊਣ ਵਿਚ ਮਦਦ ਕਰਦੀਆਂ ਹਨ। ਇਸ ਵਿਚ ਸਿਹਤ ਲਈ ਅੱਛੇ ਵਾਤਾਵਰਣ ਦੀ ਉਸਾਰੀ ਵਾਸਤੇ ਰੀਜਨ ਔਫ ਪੀਲ ਦੇ ਛੇ ਕੋਰ ਤੱਤਾਂ ਨੂੰ ਅਪਣਾਉਣਾ ਵੀ ਸ਼ਾਮਲ ਹੈ। ਸਿਟੀ ਨੇ ਰੈਕਰੀਏਸ਼ਨ ਸਥਾਨਾਂ ‘ਤੇ ਹੈਲਦੀ ਫੂਡ ਐਂਡ ਬੈਵਰੇਜ ਪਾਲਿਸੀ ਲਾਗੂ ਕੀਤੀ ਹੈ, ਸਿਹਤ ਦੇ ਪੱਖ ਤੋਂ ਨੇਬਰਹੁੱਡਜ਼ ਦਾ ਵਿਕਾਸ ਕੀਤਾ ਜਾਂਦਾ ਹੈ, ਅਤੇ ਐਕਟਿਵ ਟਰਾਂਸਪੋਰਟੇਸ਼ਨ ਅਤੇ ਹੈਲਦੀ ਲਾਈਫ ਸਟਾਈਲ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਿਆ ਹੋਇਆ ਹੈ। ਨੋਵੋ ਨੌਰਡਿਸਕ ਕੈਨੇਡਾ ਵਿਚ ਬਾਹਰੀ ਮਾਮਲਿਆਂ ਦੇ ਡਾਇਰੈਕਟਰ ਅਤੇ ਸੀਸੀਡੀ ਦੇ ਕੈਨੇਡੀਅਨ ਬੁਲਾਰੇ ਐਡਮ ਮਾਰਸੈੱਲਾ ਨੇ ਕਿਹਾ, ”ਡਾਇਬੀਟੀਜ਼ ਇਕ ਗੁੰਝਲਦਾਰ ਬਿਮਾਰੀ ਹੈ, ਜਿਸ ਨਾਲ ਨਿਪਟਣ ਲਈ ਸਹਿਯੋਗ ਵਾਲੀ ਸੋਚ ਅਪਣਾਉਣ ਦੀ ਲੋੜ ਹੈ। ਡਾਇਬੀਟੀਜ਼ ਨੂੰ ਬਦਲਦੇ ਸ਼ਹਿਰ ਇਕ ਪਬਲਿਕ-ਪ੍ਰਾਈਵੇਟ ਭਾਈਵਾਲੀ ਦਾ ਪ੍ਰੋਗਰਾਮ ਹੈ, ਜਿਹੜਾ ਮੁੱਖ ਕਮਜ਼ੋਰੀਆਂ ਅਤੇ ਅਰਬਨ ਹੈਲਥ ਲੋੜਾਂ ਨੂੰ ਮੁਖਾਤਿਬ ਹੁੰਦਾ ਹੈ। ਸ਼ਹਿਰ ਡਾਇਬੀਟੀਜ਼ ਦੀ ਫਰੰਟ ਲਾਈਨ ਹਨ। ਇਨ੍ਹਾਂ ਵਿਚ ਦੁਨੀਆ ਦੀ ਅੱਧ ਤੋਂ ਵੱਧ ਅਬਾਦੀ ਰਹਿੰਦੀ ਹੈ ਅਤੇ ਜਿੱਥੇ ਡਾਇਬੀਟੀਜ਼ ਵਾਲੇ ਹਰ ਤਿੰਨ ਵਿਚੋਂ ਦੋ ਲੋਕ ਰਹਿੰਦੇ ਹਨ। ਹਰ ਸਿਟੀ ਦੀ ਹਾਲਤ ਵੱਖਰੀ ਹੈ, ਜਿਸ ਕਰਕੇ ਅਸੀਂ ਇਕ ਅਜਿਹਾ ਮਾਡਲ ਤਿਆਰ ਕੀਤਾ ਹੈ, ਜਿਸ ਦੀ ਵਰਤੋਂ ਹਰ ਸ਼ਹਿਰ ਆਪਣੀ ਡਾਇਬੀਟੀਜ਼ ਚੁਣੌਤੀ ਨੂੰ ਸਮਝਣ ਲਈ ਕਰ ਸਕਦਾ ਹੈ। ਅਸੀਂ ਇਸ ਦਾ ਹਿੱਸਾ ਬਣਨ ਲਈ ਮਿਸੀਸਾਗਾ ਦੀ ਸਰਾਹਨਾ ਕਰਦੇ ਹਾਂ ਅਤੇ ਇਸ ਵਿਚ ਅੱਗੇ ਵੱਧਣ ਦੀ ਉਮੀਦ ਰੱਖਦੇ ਹਾਂ।”
ਸੀਸੀਡੀ ਮਿਸੀਸਾਗਾ ਬਾਰੇ ਹੋਰ ਜਾਣਕਾਰੀ ਲਈ ਦੇਖੋ – mississauga.ca/ccd.

 

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …