11.6 C
Toronto
Wednesday, March 11, 2026
spot_img
Homeਭਾਰਤਅੰਮ੍ਰਿਤਸਰ ਸੰਸਦੀ ਹਲਕੇ ਤੋਂ ਡਾ.ਮਨਮੋਹਨ ਸਿੰਘ ਤੇ ਸਿੱਧੂ ਦੇ ਨਾਂ ਦੀ ਚਰਚਾ

ਅੰਮ੍ਰਿਤਸਰ ਸੰਸਦੀ ਹਲਕੇ ਤੋਂ ਡਾ.ਮਨਮੋਹਨ ਸਿੰਘ ਤੇ ਸਿੱਧੂ ਦੇ ਨਾਂ ਦੀ ਚਰਚਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਆਗਾਮੀ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਵਾਂ ਦੀ ਚਰਚਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅੰਮ੍ਰਿਤਸਰ ਸੰਸਦੀ ਸੀਟ ‘ਤੇ ਚੋਣ ਕਾਫ਼ੀ ਅਹਿਮ ਹੋਵੇਗੀ। ਸਾਲ 2014 ਵਿਚ ਇਸ ਸੰਸਦੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਜਿੱਤੀ ਸੀ। ਉਨ੍ਹਾਂ ਦਾ ਮੁਕਾਬਲਾ ਦਿੱਗਜ ਭਾਜਪਾ ਆਗੂ ਅਰੁਣ ਜੇਤਲੀ ਨਾਲ ਸੀ। ਉਸ ਵੇਲੇ ਵੀ ਇਹ ਸੰਸਦੀ ਹਲਕਾ ਚਰਚਾ ਦਾ ਵਿਸ਼ਾ ਬਣ ਗਿਆ ਸੀ ਤੇ ਅਰੁਣ ਜੇਤਲੀ ਇਸ ਹਲਕੇ ‘ਚੋਂ ਹਾਰ ਗਏ ਸਨ। ਇਸ ਤੋਂ ਪਹਿਲਾਂ ਇਸ ਸੰਸਦੀ ਹਲਕੇ ਤੋਂ ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਸੰਸਦ ਮੈਂਬਰ ਰਹੇ ਹਨ। ਜੇਕਰ ਆਗਾਮੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਇਹ ਚੋਣ ਕਾਫ਼ੀ ਅਹਿਮ ਹੋਵੇਗੀ। ਇਸ ਵੇਲੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸੰਸਦੀ ਹਲਕੇ ਵਿਚ ਚੰਗਾ ਕੰਮ ਕੀਤਾ ਹੈ ਤੇ ਉਹ ਵੀ ਇਸ ਸੀਟ ਦੇ ਦਾਅਵੇਦਾਰ ਹਨ।ਅਕਾਲੀ-ਭਾਜਪਾ ਗੱਠਜੋੜ ਵੱਲੋਂ ਇਸ ਸੰਸਦੀ ਹਲਕੇ ਤੋਂ ਭਾਜਪਾ ਵੱਲੋਂ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਾਣਾ ਹੈ। ਲਗਭਗ ਤਿੰਨ ਸਾਲ ਪਹਿਲਾਂ ਹੋਈ ਉਪ ਚੋਣ ਵਿਚ ਭਾਜਪਾ ਵੱਲੋਂ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਹੁਣ ਮੁੜ ਉਹ ਸਰਗਰਮ ਹਨ ਤੇ ਕਈ ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਨਾਲ ਮੀਟਿੰਗ ਵੀ ਕਰ ਚੁੱਕੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਆਖਿਆ ਕਿ ਉਹ ਖ਼ੁਦ ਸੰਸਦੀ ਚੋਣਾਂ ਦੀ ਦੌੜ ਵਿਚ ਸ਼ਾਮਲ ਨਹੀਂ ਹਨ, ਕਿਉਂਕਿ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦੇ ਸੇਵਾ ਕਾਲ ਦੀ ਮਿਆਦ ਬਾਕੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਬਾਰੇ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ।

RELATED ARTICLES
POPULAR POSTS