ਹੁਣ ਅਪ੍ਰੈਲ ਦੇ ਪਹਿਲੇ ਹਫਤੇ ਹੋ ਸਕਦੀ ਹੈ ਜੇਲ੍ਹ ਵਿਚੋਂ ਰਿਹਾਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੰਘੀ 26 ਜਨਵਰੀ ਨੂੰ ਜੇੋਲ੍ਹ ਵਿਚੋਂ ਰਿਹਾਈ ਨਹੀਂ ਹੋ ਸਕੀ। ਧਿਆਨ ਰਹੇ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ਼ ਦੇ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਹੋਈ ਸੀ ਅਤੇ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ। ਇਸਦੇ ਚੱਲਦਿਆਂ ਲੰਘੇ ਦਿਨੀਂ ਚਰਚਾ ਚੱਲਦੀ ਰਹੀ ਕਿ ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਜੇਲ੍ਹ ਵਿਚੋਂ ਰਿਹਾਅ ਹੋ ਜਾਣਗੇ ਅਤੇ ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਸਵਾਗਤੀ ਬੋਰਡ ਵੀ ਲਗਾ ਦਿੱਤੇ ਸਨ, ਪਰ ਨਵਜੋਤ ਸਿੱਧੂ ਦੀ ਰਿਹਾਈ ਨਹੀਂ ਹੋ ਸਕੀ। ਇਸ ਸਬੰਧੀ ਹੁਣ ਤੱਕ ਜੇਲ੍ਹ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ। ਹੁਣ ਨਵਜੋਤ ਸਿੰਘ ਸਿੱਧੂ ਜੇਲ੍ਹ ਵਿਚੋਂ ਕਦੋਂ ਰਿਹਾਅ ਹੋਣਗੇ, ਇਹ ਸਵਾਲ ਸਾਰਿਆਂ ਦੇ ਜ਼ਿਹਨ ਵਿਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਹੋਈ ਸਜ਼ਾ ਵਿਚ ਮਿਲ ਰਹੀ ਛੋਟ ਨੂੰ ਵੀ ਛੱਡ ਦਿੱਤਾ ਜਾਏ ਤਾਂ ਉਹ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਜੇਲ੍ਹ ਵਿਚੋਂ ਰਿਹਾਅ ਹੋ ਸਕਦੇ ਹਨ। 26 ਜਨਵਰੀ ਨੂੰ ਰਿਹਾਈ ਦੀ ਆਸ ਟੁੱਟਣ ਤੋਂ ਬਾਅਦ ਹੁਣ ਅਨੁਮਾਨ ਇਹੀ ਲਗਾਇਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਇਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਬਾਹਰ ਆਉਣਗੇ। ਧਿਆਨ ਰਹੇ ਕਿ ਨਵਜੋਤ ਸਿੰਘ ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ, ਪਰ ਉਨ੍ਹਾਂ ਦੀ ਰਿਹਾਈ ਦੇ ਲਈ 19 ਮਈ 2023 ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਉਹ ਸਮੇਂ ਤੋਂ ਇਕ-ਡੇਢ ਮਹੀਨਾ ਪਹਿਲਾਂ ਹੀ ਜੇਲ੍ਹ ਵਿਚੋਂ ਬਾਹਰ ਆ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਜੇਲ੍ਹ ਵਿਚੋਂ ਰਿਹਾਅ ਹੋ ਸਕਦੇ ਹਨ। ਉਧਰ ਦੂਜੇ ਪਾਸੇ ਪੰਜਾਬ ਵਿਚ 51 ਕੈਦੀਆਂ ਦੀ ਰਿਹਾਈ ਵਾਲੀ ਸੂਚੀ ਨੂੰੂ ਲੈ ਕੇ ਭਲਕੇ 3 ਫਰਵਰੀ ਨੂੰ ਸੂਬਾ ਸਰਕਾਰ ਦੀ ਮੀਟਿੰਗ ਵੀ ਹੋਣੀ ਹੈ। ਇਸ ਸੂਚੀ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਲ ਹੈ।