ਕਿਹਾ, ਬੇਅਦਬੀ ਮਾਮਲਿਆਂ ’ਚ ਇਨਸਾਫ ਦੀ ਜਗ੍ਹਾ ਦੋਸ਼ੀਆਂ ਦੀ ਢਾਲ ਬਣ ਗਏ ਪਹਿਰੇਦਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਚਰਨਜੀਤ ਸਿੰਘ ਚੰਨੀ ਸਰਕਾਰ ’ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਸਿੱਧੂ ਨੇ ਪੰਜਾਬ ਭਵਨ ਚੰਡੀਗੜ੍ਹ ਵਿਚ ਕਿਹਾ ਕਿ ਪੰਜਾਬ ਦੇ ਪਹਿਰੇਦਾਰਾਂ ਨੇ ਬੇਅਦਬੀ ਮਾਮਲਿਆਂ ਵਿਚ ਇਨਸਾਫ ਦਿਵਾਉਣਾ ਸੀ, ਪਰ ਉਹੀ ਢਾਲ ਬਣ ਗਏ। ਸਿੱਧੂ ਨੇ ਸਸਤੀ ਬਿਜਲੀ ਅਤੇ ਪੈਟਰੋਲ-ਡੀਜ਼ਲ ’ਤੇ ਵੀ ਸਰਕਾਰ ਨੂੰ ਘੇਰਿਆ। ਸਿੱਧੂ ਨੇ ਕਿਹਾ ਕਿ ਬਿਨਾ ਬਿਜਲੀ ਸਮਝੌਤੇ ਸਸਤੀ ਬਿਜਲੀ ਕਿਥੋਂ ਦਿਓਗੇ? ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ ਸਸਤਾ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਕੀ ਪੰਜ ਸਾਲ ਤੱਕ ਅਜਿਹਾ ਰਹੇਗਾ? ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਚ ਰਾਜਨੀਤਕ ਇੱਛਾ ਸ਼ਕਤੀ ਨਹੀਂ ਸੀ ਤਾਂ ਉਸ ਨੂੰ ਬਦਲ ਦਿੱਤਾ ਗਿਆ। ਹੁਣ ਉਨ੍ਹਾਂ ਨੇ ਚੰਨੀ ਸਰਕਾਰ ’ਤੇ ਵੀ ਇਸੇ ਤਰ੍ਹਾਂ ਦਾ ਆਰੋਪ ਲਗਾਇਆ। ਸਿੱਧੂ ’ਚ ਸੀਐਮ ਅਹੁਦੇ ਨੂੰੂ ਲੈ ਕੇ ਬੇਚੈਨੀ ਵੀ ਦਿਸੀ। ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਹਾਂ, ਪਰ ਮੇਰੇ ਕੋਲ ਕੋਈ ਐਗਜ਼ੀਕਿਊਟਿਵ ਪਾਵਰ ਨਹੀਂ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਚਰਨਜੀਤ ਚੰਨੀ ਨੂੰ ਮੈਂ ਨਹੀਂ, ਬਲਕਿ ਕਾਂਗਰਸ ਹਾਈਕਮਾਨ ਨੇ ਸੀਐਮ ਬਣਾਇਆ ਹੈ। ਸਿੱਧੂ ਨੇ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ।